ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ’ਚ ਕਾਂਗਰਸ ਹਾਈਕਮਾਨ, ਕਈ ਵਿਧਾਇਕਾਂ ਦੀ ਵਧੀ ਟੈਨਸ਼ਨ
PUNJAB News Punjabi(ਪੰਜਾਬ)
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ’ਚ ਕਾਂਗਰਸ ਹਾਈਕਮਾਨ, ਕਈ ਵਿਧਾਇਕਾਂ ਦੀ ਵਧੀ ਟੈਨਸ਼ਨ
Edited By Gurminder Singh,
Jalandhar
ਜਲੰਧਰ (ਧਵਨ) : ਪੰਜਾਬ ’ਚ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਕੁਝ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਇਨ੍ਹਾਂ ਵਿਧਾਇਕਾਂ ਵਿਚ ਭਾਰੀ ਬੇਚੈਨੀ ਫੈਲੀ ਹੋਈ ਹੈ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਕਹਿ ਚੁੱਕੇ ਹਨ ਕਿ ਜੇ ਕਾਂਗਰਸ ਨੇ ਚੋਣਾਂ ਤੋਂ ਬਾਅਦ ਆਪਣੀ ਸਰਕਾਰ ਬਣਾਉਣੀ ਹੈ ਤਾਂ ਕੁਝ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਉਨ੍ਹਾਂ ਦੀ ਥਾਂ ’ਤੇ ਨਵੇਂ ਚਿਹਰੇ ਜਨਤਾ ਸਾਹਮਣੇ ਪੇਸ਼ ਕਰਨੇ ਪੈਣਗੇ। ਪ੍ਰਸ਼ਾਂਤ ਕਿਸ਼ੋਰ ਅਜਿਹਾ ਹੀ ਤਜ਼ਰਬਾ ਬਿਹਾਰ ਅਤੇ ਪੱਛਮੀ ਬੰਗਾਲ ’ਚ ਵੀ ਕਰ ਚੁੱਕੇ ਹਨ।
ਕਾਂਗਰਸੀ ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ’ਚ ਕੇਂਦਰੀ ਲੀਡਰਸ਼ਿਪ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵਾਂ ਵਲੋਂ ਮਜ਼ਬੂਤ ਚਿਹਰਿਆਂ ਨੂੰ ਲੈ ਕੇ ਸਰਵੇਖਣ ਕਰਵਾਏ ਜਾਣਗੇ, ਜਿਨ੍ਹਾਂ ਦੀਆਂ ਰਿਪੋਰਟਾਂ ਦਾ ਬਾਅਦ ’ਚ ਚੋਣਾਂ ਵੇਲੇ ਆਪਸ ’ਚ ਮੇਲ ਵੀ ਕੀਤਾ ਜਾਵੇਗਾ। ਕੈਪਟਨ ਜਿੱਥੇ ਆਪਣੇ ਪੱਧਰ ’ਤੇ ਗੁਪਤ ਸਰਵੇਖਣ ਕਰਵਾਉਣਗੇ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਇੰਟੈਲੀਜੈਂਸ ਵਿੰਗ ਤੋਂ ਵੀ ਰਿਪੋਰਟਾਂ ਮਿਲਣਗੀਆਂ। ਅਜਿਹਾ ਹੀ ਤਜ਼ਰਬਾ ਮੁੱਖ ਮੰਤਰੀ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਕੀਤਾ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਸਨ।
ਕੈਬਨਿਟ ਫੇਰਬਦਲ ਨੂੰ ਲੈ ਕੇ ਕੈਪਟਨ ਛੇਤੀ ਮਿਲਣਗੇ ਸੋਨੀਆ ਨਾਲ
ਪੰਜਾਬ ’ਚ ਕੈਬਨਿਟ ’ਚ ਪ੍ਰਸਤਾਵਿਤ ਫੇਰਬਦਲ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣਗੇ। ਭਾਵੇਂ ਅਜੇ ਕੈਬਨਿਟ ਫੇਰਬਦਲ ਨੂੰ ਲੈ ਕੇ ਮਿਤੀ ਤੈਅ ਨਹੀਂ ਹੋਈ ਹੈ ਪਰ ਫਿਰ ਵੀ ਦਿੱਲੀ ਅਤੇ ਪੰਜਾਬ ’ਚ ਪ੍ਰਸਤਾਵਿਤ ਫੇਰਬਦਲ ਨੂੰ ਲੈ ਕੇ ਭਾਰੀ ਸਿਆਸੀ ਸਰਗਰਮੀਆਂ ਚੱਲ ਰਹੀਆਂ ਹਨ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਫਿਲਹਾਲ ਬਹੁਤ ਸੰਭਲ-ਸੰਭਲ ਕੇ ਕਦਮ ਵਧਾ ਰਹੇ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਅੰਤਿਮ ਫੇਰਬਦਲ ਹੋਵੇਗਾ। ਇਸ ਲਈ ਨਵੇਂ ਚਿਹਰਿਆਂ ਨੂੰ ਮੁੱਖ ਮੰਤਰੀ ਅੱਗੇ ਲਿਆਉਣਾ ਚਾਹੁੰਦੇ ਹਨ ਤਾਂ ਕਿ ਜਨਤਾ ਦਰਮਿਆਨ ਵੀ ਇਕ ਚੰਗਾ ਪ੍ਰਭਾਵ ਜਾਵੇ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਸਮਾਂ ਮੰਗਣਗੇ। ਇਸ ਹਫ਼ਤੇ ਤਾਂ ਮੁੱਖ ਮੰਤਰੀ ਦੇ ਚੰਡੀਗੜ੍ਹ ’ਚ ਕਾਫੀ ਸਰਕਾਰੀ ਰੁਝੇਵੇਂ ਹਨ ਅਤੇ ਮੁੱਖ ਮੰਤਰੀ ਵਲੋਂ ਕੈਬਨਿਟ ਫੇਰਬਦਲ ਨੂੰ ਲੈ ਕੇ ਪੂਰੀ ਰੂਪ-ਰੇਖਾ ਤਿਆਰ ਕਰਨ ਤੋਂ ਬਾਅਦ ਹੀ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਜਾਵੇਗਾ।
Related Keywords