ਅਪਡੇਟ ਦਾ ਸਮਾਂ :
170
ਚੰਡੀਗੜ੍ਹ, 10 ਜੁਲਾਈ
ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੇ ਭੱਤਿਆਂ ਵਿੱਚ ਕੀਤੀ ਗਈ ਕਟੌਤੀ ਦਾ ਕੋਈ ਪੁਖ਼ਤਾ ਹੱਲ ਨਾ ਕੱਢੇ ਜਾਣ ਦੇ ਰੋਸ ਵਜੋਂ ਰਾਜ ਦੇ ਡਾਕਟਰਾਂ ਨੇ 12 ਤੋਂ 14 ਜੁਲਾਈ ਤੱਕ ਸੂਬੇ ਭਰ ’ਚ ਓਪੀਡੀਜ਼ ਸਣੇ ਸਿਹਤ ਤੇ ਵੈਟਰਨਰੀ ਸੇਵਾਵਾਂ ਠੱਪ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸਾਂਝੀ ਸਰਕਾਰੀ ਡਾਕਟਰ ਤਾਲਮੇਲ ਕਮੇਟੀ (ਜੇਜੀਡੀਸੀਸੀ) ਨੇ ਵਰਚੁਅਲ ਮੀਟਿੰਗ ਰਾਹੀਂ ਕੀਤਾ। ਉਨ੍ਹਾਂ ਐਮਰਜੈਂਸੀ, ਕੋਵਿਡ, ਪੋਸਟਮਾਰਟਮ ਤੇ ਮੈਡੀਕਲ/ਵੈਟਰੋ-ਕਾਨੂੰਨੀ ਸੇਵਾਵਾਂ ਆਮ ਵਾਂਗ ਜਾਰੀ ਰੱਖਣ ਦਾ ਐਲਾਨ ਕੀਤਾ। ਪੀਸੀਐੱਮਐੱਸਏ ਦੇ ਪ੍ਰਧਾਨ ਡਾ. ਗਗਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਗਗਨਦੀਪ ਸਿੰਘ ਸ਼ੇਰਗਿੱਲ, ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ, ਡੈਂਟਲ ਐਸੋਸੀਏਸ਼ਨ ਦੀ ਪ੍ਰਧਾਨ ਡਾ. ਪਵਨਪ੍ਰੀਤ ਕੌਰ, ਆਯੁਰਵੈਦਿਕ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਪਾਠਕ, ਹੋਮਿਓਪੈਥਿਕ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪਇੰਦਰ ਸਿੰਘ ਨੇ ਕਿਹਾ ਕਿ ਐੱਨਪੀਏ ਮਾਮਲੇ ’ਤੇ ਸਰਕਾਰ ਦੇ ਰਵੱਈਏ ਖ਼ਿਲਾਫ ਹੜਤਾਲ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ 15 ਤੋਂ 17 ਜੁਲਾਈ ਤੱਕ ਓਪੀਡੀਜ਼ ਦਾ ਬਾਈਕਾਟ ਕੀਤਾ ਜਾਵੇਗਾ ਪਰ ਹਸਪਤਾਲਾਂ ਦੇ ਵਿਹੜਿਆਂ ’ਚ ਸਮਾਂਤਰ ਓਪੀਡੀ ਲਾਈ ਜਾਵੇਗੀ।
ਇਸ ਦੇ ਬਾਵਜੂਦ ਜੇ ਸਰਕਾਰ ਨੇ 18 ਜੁਲਾਈ ਤੱਕ ਕੋਈ ਹੱਲ ਨਾ ਕੀਤਾ ਤਾਂ 19 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਜਾਵੇਗੀ।
ਐੱਮਬੀਬੀਐੱਸ ਵਿਦਿਆਰਥੀ ਨੂੰ ਆਯੂਸ਼ ’ਚ ਕਰਨੀ ਪੈ ਸਕਦੀ ਹੈ ਇੰਟਰਨਸ਼ਿਪ
ਨਵੀਂ ਦਿੱਲੀ: ਐਮਬੀਬੀਐੱਸ ਦੇ ਵਿਦਿਆਰਥੀਆ ਨੂੰ ਜਲਦੀ ਹੀ ਭਾਰਤੀ ਔਸ਼ਧੀਆਂ ਜਾਂ ਆਯੂਸ਼ ਵਿਚ ਇੰਟਰਨਸ਼ਿਪ ਕਰਨੀ ਪੈ ਸਕਦੀ ਹੈ। ਇਸ ਸਬੰਧੀ ਇਕ ਖਰੜਾ ਕੌਮੀ ਮੈਡੀਕਲ ਕਮਿਸ਼ਨ ਨੇ ਤਿਆਰ ਕਰ ਲਿਆ ਹੈ। ਵਿਦਿਆਰਥੀਆਂ ਨੂੰ ਰੋਟੇਸ਼ਨਲ ਅਧਾਰ ’ਤੇ ਕਿਸੇ ਵੀ ਭਾਰਤੀ ਦਵਾਈ ਪ੍ਰਣਾਲੀ ਜਾਂ ਆਯੂਸ਼ ਵਿਚ ਹਫ਼ਤੇ ਦੀ ਸਿਖ਼ਲਾਈ ਲੈਣੀ ਪਵੇਗੀ। ਆਯੂਸ਼ ਲਈ ਵਿਦਿਆਰਥੀ (ਇੰਟਰਨ) ਆਯੁਰਵੈਦ, ਯੋਗ, ਯੂਨਾਨੀ, ਸਿੱਧ, ਹੋਮੀਓਪੈਥੀ ਤੇ ਸੋਵਾ ਰਿਗਪਾ ਹਫ਼ਤੇ ਲਈ ਚੁਣ ਸਕਦੇ ਹਨ। -ਪੀਟੀਆਈ
ਖ਼ਬਰ ਸ਼ੇਅਰ ਕਰੋ
Related Keywords