ਦੁਖਾਂਤ ਦਰ &#

ਦੁਖਾਂਤ ਦਰ ਦੁਖਾਂਤ


ਅਪਡੇਟ ਦਾ ਸਮਾਂ :
220
ਗੁਰਵਿੰਦਰ ਸਿੰਘ
‘‘ਪਰ ਕਦੇ ਕੋਈ ਅਜਿਹੀ ਕਹਾਣੀ ਵੀ ਸੁਣੀ ਹੈ ਕਿ ਅਖੀਰ ਵਿਚ ਬੁਰਾ ਬੰਦਾ ਜਿੱਤ ਜਾਏ?’’
‘‘ਨਾ!’’ ਉਸ ਨੇ ਕਿਹਾ, ‘‘ਪਰ ਹਾਰਨ ਤੋਂ ਪਹਿਲਾਂ, ਉਹ ਭਲੇ ਬੰਦਿਆਂ ਨੂੰ ਨੁਕਸਾਨ ਜ਼ਰੂਰ ਪਹੁੰਚਾਉਂਦੇ ਹਨ, ਅਤੇ ਮੈਂ ਇਸ ਚੀਜ਼ ਤੋਂ ਡਰਦਾ ਹਾਂ।’’
- ਪੰਜਾਬੀ-ਬਰਤਾਨਵੀ ਲਿਖਾਰੀ ਨਦੀਮ ਅਸਲਮ ਦੇ ਨਾਵਲ ‘ਦਿ ਬਲਾਈਂਡ ਮੈਨਜ਼ ਗਾਰਡਨ’ ਵਿੱਚੋਂ ਮੇਰੇ ਪਿਤਾ ਸੁਰਿੰਦਰ ਸਿੰਘ ਨੇ 28 ਮਈ ਨੂੰ ਆਖ਼ਰੀ ਸਾਹ ਲਏ। ਮਹੀਨੇ ਵਿਚ ਹੀ ਕੋਵਿਡ ਨੇ ਉਨ੍ਹਾਂ ਦੇ ਫੇਫੜਿਆਂ ਨੂੰ ਏਨਾ ਕਮਜ਼ੋਰ ਕਰ ਦਿੱਤਾ ਸੀ ਕਿ ਉਨ੍ਹਾਂ ਆਖ਼ਰੀ ਸਾਹ ਵੀ ਵੈਂਟੀਲੇਟਰ ਨਾਲ ਲਏ। ਉਨ੍ਹਾਂ ਨੇ ਇਸ ਵਰ੍ਹੇ 77 ਵਰ੍ਹਿਆਂ ਦੇ ਹੋ ਜਾਣਾ ਸੀ। ਉਹ 1944 ਵਿਚ ਲਾਹੌਰ ਕੋਲ਼ ਕੰਮੋਕੇ ਕਸਬੇ ਵਿਚ ਜਨਮੇ ਸਨ। ਉਸ ਵੇਲ਼ੇ ਦੇ ਆਜ਼ਾਦੀ ਘੁਲਾਟੀਆਂ ਦੀ ਬਾਗ਼ੀਆਨਾ ਹਸਤੀ ਨੂੰ ਸਿਜਦਾ ਕਰਦਿਆਂ, ਘਰਦਿਆਂ ਨੇ ਉਨ੍ਹਾਂ ਦਾ ਛੋਟਾ ਨਾਮ ‘ਬਾਗ਼ੀ’ ਰੱਖਿਆ ਸੀ। ਕੰਮੋਕੇ ਲਾਹੌਰ ਪਹਾੜ ਵਾਲੇ ਪਾਸੇ ਆਪਣੀ ਦਾਣਾ ਮੰਡੀ ਕਰਕੇ ਮਸ਼ਹੂਰ ਸੀ ਜਿੱਥੇ ਮੇਰੇ ਦਾਦਾ ਜੀ ਚੌਲ਼ਾਂ ਦੀ ਮਿੱਲ ਦੇ ਮੈਨੇਜਰ ਸਨ। ਸੰਤਾਲ਼ੀ ਦੀ ਜਬਰੀ ਹਿਜਰਤ ਤੋਂ ਬਚਣ ਲਈ ਫ਼ਸਾਦਾਂ ਤੋਂ ਕੁਝ ਚਿਰ ਪਹਿਲਾਂ ਹੀ ਸਾਡਾ ਸਿੱਖ ਪਰਿਵਾਰ ਅੰਮ੍ਰਿਤਸਰ ਆ ਵਸਿਆ ਸੀ। ਪਰ ਹੋਣੀ ਨੂੰ ਕੌਣ ਟਾਲ਼ ਸਕਦਾ ਹੈ, ਇਕ ਦਿਨ ਜਦੋਂ ਮੇਰੇ ਦਾਦਾ ਜੀ ਕੰਮੋਕੇ ਕਿਸੇ ਕੰਮ ਗਏ ਹੋਏ ਸਨ, ਫ਼ਿਰਕੂ ਭੀੜ ਨੇ ਅੰਮ੍ਰਿਤਸਰ ਵਿਚ ਉਨ੍ਹਾਂ ਦੇ ਮੁਹੱਲੇ ਦੇ ਮੁਸਲਮਾਨ ਘਰਾਂ ਨੂੰ ਅੱਗ ਲਾ ਦਿੱਤੀ। ਇਹ ਦੱਸਣ ਦੀ ਲੋੜ ਨਹੀਂ ਕਿ ਕਿਹੜੇ ਫ਼ਿਰਕੇ ਨੇ ਮੁਸਲਮਾਨ ਘਰਾਂ ਨੂੰ ਅੱਗ ਲਾਈ ਹੋਵੇਗੀ। ਅੱਗ ਫ਼ਿਰਕੇ ਦਾ ਫ਼ਰਕ ਨਹੀਂ ਕਰਦੀ, ਜਿਵੇਂ ਕੋਵਿਡ ਦਾ ਵਾਇਰਸ ਬੰਦੇ ਦੇ ਫੇਫੜੇ ਸਾੜਨ ਲੱਗਾ ਉਹਦਾ ਧਰਮ ਨਹੀਂ ਦੇਖਦਾ।
ਜਦੋਂ ਉਨ੍ਹਾਂ ਦੇ ਘਰ ਨੂੰ ਅੱਗ ਲੱਗੀ ਤਾਂ ਮੇਰੀ ਦਾਦੀ ਨੇ ਮੇਰੇ ਤਿੰਨ ਵਰ੍ਹਿਆਂ ਦੇ ਪਿਓ ਤੇ ਪੰਜ ਵਰ੍ਹਿਆਂ ਦੀ ਭੂਆ ਨੂੰ ਚੁੱਕਿਆ, ਗਹਿਣਾ-ਗੱਟਾ ਇਕੱਠਾ ਕੀਤਾ ਤੇ ਛੱਤ ਉੱਤੋਂ ਦੀ ਕੰਧਾਂ ਟੱਪ ਕੇ ਦਰਬਾਰ ਸਾਹਿਬ ਪਹੁੰਚ ਗਈ ਜਿੱਥੇ ਸੰਨ ਸੰਤਾਲ਼ੀ ਦੀ ਫ਼ਿਰਕੂ ਹਿੰਸਾ ਦੇ ਝੰਬੇ ਲੋਕਾਂ ਨੇ ਸ਼ਰਨ ਲਈ ਹੋਈ ਸੀ। ਉਹਨੂੰ ਆਪਣੇ ਘਰਵਾਲ਼ੇ ਦੀ ਚਿੰਤਾ ਖਾ ਰਹੀ ਸੀ ਕਿਉਂਕਿ ਲਾਹੌਰੋਂ ਵੀ ਫ਼ਸਾਦਾਂ ਦੀਆਂ ਖ਼ਬਰਾਂ ਆ ਰਹੀਆਂ ਸਨ। ਪਰ ਕਿਸਮਤ ਨਾਲ, ਮੇਰੇ ਦਾਦਾ ਜੀ ਰਾਜ਼ੀ-ਬਾਜ਼ੀ ਅੰਮ੍ਰਿਤਸਰ ਪੁੱਜ ਗਏ; ਪੁੱਜ ਕੇ ਦੇਖਿਆ ਕਿ ਉਨ੍ਹਾਂ ਦਾ ਘਰ ਤੇ ਮੁਹੱਲਾ ਸੜ ਚੁੱਕੇ ਹਨ। ਟੁੱਟੇ ਦਿਲ ਨਾਲ ਉਨ੍ਹਾਂ ਅਪਣੀ ਪਤਨੀ ਤੇ ਦੋ ਬੱਚਿਆਂ ਦੀ ਭਾਲ਼ ਸ਼ੁਰੂ ਕੀਤੀ। ਸਾਰਿਆਂ ਵਾਂਙ ਉਹ ਵੀ ਲੱਭਦੇ-ਲੱਭਦੇ ਦਰਬਾਰ ਸਾਹਿਬ ਪੁੱਜ ਗਏ। ਪਰਿਕਰਮਾ ਵਿਚ ਪਰਿਵਾਰ ਨਾਲ ਦੁਬਾਰਾ ਮਿਲਦਿਆਂ ਉਨ੍ਹਾਂ ਨੂੰ ਸੁਖ ਦਾ ਸਾਹ ਆਇਆ ਹੋਏਗਾ। ਫ਼ਿਰਕੂ ਫ਼ਸਾਦਾਂ ਤੋਂ ਬਚਣ ਲਈ ਪਹਿਲਾਂ ਹੀ ਅੰਮ੍ਰਿਤਸਰ ਆ ਜਾਣ ਦੀ ਯੋਜਨਾ ਕੰਮ ਨਾ ਆਈ, ਕਿਉਂ ਜੋ ਉਨ੍ਹਾਂ ਨੂੰ ਅਗਲੇ ਕਈ ਸਾਲ ਉਜਾੜੇ ਦੀ ਜ਼ਿੰਦਗੀ ਜਿਉਣੀ ਪਈ। ਪਹਿਲਾਂ ਸ਼ਿਮਲੇ, ਫੇਰ ਗਵਾਲੀਅਰ, ਤੇ ਫੇਰ ਗੰਗਾਨਗਰ, ਜਿੱਥੇ ਉਨ੍ਹਾਂ ਨੇ ਕੋਈ ਨਾ ਕੋਈ ਨਿੱਕੀ-ਮੋਟੀ ਨੌਕਰੀ ਕੀਤੀ, ਤੇ ਅਖ਼ੀਰ ਦਿੱਲੀ ਵਿਚ ਵਸ ਗਏ ਜਿੱਥੇ ਕਈ ਸਾਲ ਉਹ ਆਪਣਾ ਕਾਰੋਬਾਰ ਪੈਰਾਂ ਸਿਰ ਕਰਨ ਵਿਚ ਲੱਗੇ ਰਹੇ।
ਸੰਨ ਚੁਰਾਸੀ
ਇੰਦਰਾ ਗਾਂਧੀ ਦੇ ਸਿੱਖ ਅੰਗ-ਰੱਖਿਅਕਾਂ ਹੱਥੋਂ ਹੋਏ ਕਤਲ ਦਾ ਬਦਲਾ ਲੈਣ ਲਈ ਡਾਂਗਾਂ, ਮਸ਼ਾਲਾਂ ਚੁੱਕੀ ਹੇੜਾਂ ਦੀਆਂ ਹੇੜਾਂ ਦਿੱਲੀ ਦੀਆਂ ਸੜਕਾਂ ’ਤੇ ਹਰ਼ਲ-ਹਰਲ ਕਰਦੀਆਂ ਘੁੰਮ ਰਹੀਆਂ ਸਨ, ਸਿੱਖ ਘਰਾਂ ਨੂੰ ਲੁੱਟਦੀਆਂ ਲੂਹਦੀਆਂ। ਹਰ ਉਮਰ ਦੇ ਸਿੱਖਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢਿਆ ਗਿਆ ਤੇ ਜ਼ਿੰਦਾ ਸਾੜਿਆ ਗਿਆ, ਘਰਾਂ ਨੂੰ ਅੱਗ ਲਾਈ ਗਈ। ਡਰੇ-ਸਹਿਮੇ ਮੇਰੇ ਮਾਪਿਆਂ ਨੇ ਦਸ ਸਾਲਾਂ ਦੇ ਮੇਰੇ ਤੇ ਮੇਰੇ ਛੋਟੇ ਭਰਾ ਸਮੇਤ, ਬੰਦ ਪਰਦਿਆਂ ਵਿਚਦੀ ਭੀੜ ਨੂੰ ਸਾਡੀ ਬਹੁਤਾ ਖ਼ਾਲੀ ਰਹਿੰਦੀ ਗਲ਼ੀ ਵਿਚ ਦਨਦਨਾਉਂਦਿਆ ਦੇਖਿਆ। ਬਚਾਅ ਵਾਸਤੇ ਸਾਡੇ ਫਲੈਟ ਨੂੰ ਸਾਡੇ ਗੁਆਂਢੀ ਹਿੰਦੂ ਪਰਿਵਾਰ ਨੇ ਬਾਹਰੋਂ ਜਿੰਦਾ ਲਾ ਰੱਖਿਆ ਸੀ। ਸੁਸਾਇਟੀ ਦੇ ਬਾਹਰ ਨੌਜਵਾਨਾਂ ਨੇ ਰਾਖੀ ਵਾਸਤੇ ਠੀਕਰੀ ਪਹਿਰਾ ਵੀ ਲਾਇਆ ਹੋਇਆ ਸੀ। ਟੈਲੀਫ਼ੋਨ ਬੰਦ ਸਨ, ਕੋਈ ਤਰੀਕਾ ਨਹੀਂ ਸੀ; ਜਿਸ ਤੋਂ ਸਾਨੂੰ ਦਿੱਲੀ ਦੇ ਹੋਰ ਹਿੱਸਿਆਂ ’ਚ ਵਸਦੇ ਬਾਕੀ ਪਰਿਵਾਰ ਦੀ ਹਾਲਤ ਬਾਰੇ ਪਤਾ ਲੱਗ ਸਕਦਾ। ਮੇਰੇ ਮਾਪੇ ਸਾਰਿਆਂ ਦੇ ਸਹੀ-ਸਲਾਮਤ ਹੋਣ ਦੀ ਅਰਦਾਸ ਕਰ ਰਹੇ ਸਨ। ਕੁਝ ਕੁ ਦਿਨਾਂ ਬਾਅਦ ਟਿਕ-ਟਿਕਾਅ ਜਿਹਾ ਹੋਇਆ, ਬਾਕੀ ਪਰਿਵਾਰ ਨਾਲ ਫਿਰ ਮਿਲਾਪ ਹੋਇਆ; ਸੁਖ ਦਾ ਸਾਹ ਆਇਆ। ਫ਼ਿਰਕੂ ਫ਼ਸਾਦਾਂ ਤੋਂ ਅਸੀਂ ਫਿਰ ਇਕ ਵਾਰ ਵਾਲ਼-ਵਾਲ਼ ਬਚ ਗਏ।
ਮੇਰੇ ਪਰਿਵਾਰ ਵਿਚ ਹੁਣ ਸਿੱਖ ਵੀ ਹਨ ਤੇ ਹਿੰਦੂ ਵੀ। ਮੈਂ ਕਿਸੇ ਨੂੰ ਵੀ ਕੱਟੜ ਜਾਂ ਬਹੁਤੇ ਧਾਰਮਿਕ ਨਹੀਂ ਕਹਿ ਸਕਦਾ। ਸਾਡੇ ਵਿੱਚੋਂ ਕੋਈ ਵੀ ਆਪਣਾ ਧਰਮ ਰੌਲ਼ਾ ਪਾ ਕੇ ਨਹੀਂ ਦੱਸਦਾ। ਸਾਡੇ ਵਿੱਚੋਂ ਕੋਈ ਵੀ ਕਿਸੇ ਧਾਰਮਿਕ ਰੀਤ ਦਾ ਨਿਤਨੇਮੀ ਨਹੀਂ, ਪਰ ਰਿਵਾਜਾਂ ਮੁਤਾਬਿਕ ਖ਼ੁਸ਼ੀ-ਮਰਗ ਦੇ ਮੌਕੇ ਧਾਰਮਿਕ ਇਕੱਠ ਵੀ ਕੀਤੇ ਜਾਂਦੇ ਹਨ। 2014 ਮਗਰੋਂ ਮੈਂ ਆਪਣੇ ਪਰਿਵਾਰ ਵਿਚ ਧਰਮ ਦੀ ਸਿਆਸਤ ਬਾਰੇ ਖ਼ਾਸ ਫ਼ਰਕ ਪਿਆ ਦੇਖਿਆ ਹੈ। ਮੇਰੇ ਪਰਿਵਾਰ ਦੇ ਬਹੁਤ ਸਾਰੇ ਹਿੰਦੂ ਜੀਅ, ਕਿਸੇ ਵਿਰਲੇ ਨੂੰ ਛੱਡ ਕੇ, ਹਿੰਦੂਤਵੀ ਸੱਜ-ਪਿਛਾਖੜ ਦੇ ਘੱਟ-ਗਿਣਤੀ ਫ਼ਿਰਕਿਆਂ ਖ਼ਿਲਾਫ਼ ਨਫ਼ਰਤ, ਹਿੰਸਾ ਤੇ ਘੇਰਾਬੰਦੀ ਦੇ ਪ੍ਰੋਗਰਾਮ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ। ਸੰਵਿਧਾਨ ਵਿਚ ਦਰਜ ਧਰਮ-ਨਿਰਪੱਖ ਦੇਸ਼ ਦੇ ਉਲਟ, ਭਗਵਿਆਂ ਦੀ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ’ਤੇ ਉਹ ਚੁੱਪ ਰਹਿੰਦੇ ਹਨ। ਧਰਮ-ਨਿਰਪੱਖਤਾ ਸਿਰਫ਼ ਸੰਵਿਧਾਨਕ ਨਹੀਂ ਹੈ, ਪਰ ਵੱਖੋ-ਵੱਖ ਫ਼ਿਰਕਿਆਂ ਵਾਲੇ ਸਾਡੇ ਖ਼ਿੱਤੇ ਵਿਚ ਸਦੀਆਂ ਤੋਂ ਮੌਜੂਦ ਹੈ। ਸੰਨ ਸੰਤਾਲੀ ਵਰਗੇ ਕੁਲਹਿਣੇ ਘੱਲੂਘਾਰੇ ਵੀ ਇਹਨੂੰ ਖ਼ਤਮ ਨਹੀਂ ਕਰ ਸਕੇ। ਮੇਰੇ ਹਿੰਦੂ ਭਾਈਆਂ-ਭੈਣਾਂ ਨੇ ਹਿੰਦੂ-ਮੁਸਲਿਮ ਫ਼ਰਕ ਦੇ ਉਸ ਮੁਸਲਮਾਨ-ਵਿਰੋਧੀ ਬਿਰਤਾਂਤ ਨੂੰ ਕਬੂਲ ਕਰ ਲਿਆ ਹੈ ਜਿਹਨੂੰ ਟੀਵੀ ਮੀਡੀਆ ਰੋਜ਼ਾਨਾ ਨਸ਼ਰ ਕਰਦਾ ਹੈ। ਸਿਰਫ਼ ਧਾਰਮਿਕ ਘੱਟਗਿਣਤੀਆਂ ’ਤੇ ਹਮਲਿਆਂ ਵੇਲੇ ਹੀ ਨਹੀਂ, ਉਹ ਭਾਰਤ ਨੂੰ ਤਾਨਾਸ਼ਾਹੀ ਮੁਲਕ ਬਣਾਉਣ ਦੀ ਕੋਸ਼ਿਸ਼, ਲੋਕਰਾਜੀ ਅਦਾਰਿਆਂ ਦੀ ਤੋੜ-ਭੰਨ ਤੇ ਇਜ਼ਹਾਰ-ਏ-ਖ਼ਿਆਲ ਦਾ ਗਲ਼ਾ ਘੁੱਟਣ, ਅੰਧਵਿਸ਼ਵਾਸਾਂ ਦੇ ਫੈਲਾਅ, ਅਰਥਚਾਰੇ ਦੀ ਮੰਦਹਾਲੀ, ਅਮੀਰਾਂ-ਗ਼ਰੀਬਾਂ ਵਿਚ ਵਧਦੇ ਪਾੜੇ ਵਰਗੀਆਂ ਅਲਾਮਤਾਂ ਦੇ ਵੀ ਮੂਕ ਦਰਸ਼ਕ ਹਨ।
ਜਦੋਂ ਕਰੋਨਾ ਦੀ ਦੂਜੀ ਲਹਿਰ ਦੇਸ਼ ਭਰ ਵਿਚ ਫੈਲ ਗਈ, ਕੇਂਦਰੀ ਸੱਤਾਧਾਰੀ ਪਾਰਟੀ ਅਤੇ ਇਹਦੇ ਭਾਈਵਾਲ਼ ਕੁਝ ਭਾਰਤੀ ਸੂਬਿਆਂ ਵਿਚ ਹੋਈਆਂ ਚੋਣਾਂ ਦੌਰਾਨ ਸੱਤਾ ਹਥਿਆਉਣ ਲਈ ਹੱਥ-ਪੈਰ ਮਾਰ ਰਹੇ ਸਨ ਜਿਨ੍ਹਾਂ ਸੂਬਿਆਂ ਵਿਚ ਇਨ੍ਹਾਂ ਦੀ ਪਾਰਟੀ ਨੇ ਕਦੇ ਰਾਜ ਨਹੀਂ ਕੀਤਾ। ਨਾਲ ਹੀ ਕੁੰਭ ਮੇਲਾ, ਪੰਡਿਤਾਂ ਤੇ ਜੋਤਸ਼ੀਆਂ ਦੇ ਕਹੇ ’ਤੇ ਇਕ ਸਾਲ ਪਹਿਲਾਂ ਹੀ ਕਰਵਾ ਦਿੱਤਾ। ਪਿਛਲੇ ਸਾਲ ਇਕ ਘੱਟਗਿਣਤੀ ਫ਼ਿਰਕੇ ਦੇ ਧਾਰਮਿਕ ਇਕੱਠ ਵਿਚ ਸੌ ਕੁ ਵਿਅਕਤੀਆਂ ਦੇ ਇਕੱਠ ਨੂੰ ਤਾਂ ਕਾਰਪੋਰੇਟ ਮੀਡੀਆ ਨੇ ‘ਸੁਪਰ ਸਪਰੈੱਡਰ’ ਤੇ ‘ਕਰੋਨਾ ਜਿਹਾਦ’ ਕਹਿ ਕੇ ਭੰਡਿਆ ਸੀ ਜਦੋਂਕਿ ਕੁੰਭ ਵਿਚ ਲੱਖਾਂ ਸ਼ਰਧਾਲੂਆਂ ਦੇ ਇਕੱਠ ਵੇਲੇ ਮੂੰਹ ’ਚ ਘੁੰਗਣੀਆਂ ਪਾਈ ਰੱਖੀਆਂ, ਜਦੋਂ ਕੋਵਿਡ ਦਾ ਖ਼ਤਰਾ ਤੇ ਦੂਜੀ ਲਹਿਰ ਦਾ ਖ਼ਦਸ਼ਾ ਜੱਗ ਜ਼ਾਹਿਰ ਸੀ। ਕੋਵਿਡ ਕਰਕੇ ਅਤਿ ਦਾ ਤਣਾਅ ਸਹਿਣਾ ਤੇ ਲੱਖਾਂ ਲੋਕਾਂ ਦਾ ਜਾਨਾਂ ਗੁਆਉਣਾ ਸਿਆਸਤਦਾਨਾਂ ਦੇ ਲੋਕ ਭਲਾਈ ਛੱਡ ਹੋਰ ਟੀਚਿਆਂ ਨੂੰ ਤਰਜੀਹ ਦੇਣ ਕਰਕੇ ਹੋਇਆ ਹੈ। ਟੀਚੇ ਇਹੀ ਹਨ ਕਿ ਧਾਰਮਿਕ ਰਾਸ਼ਟਰਵਾਦ ਤੇ ‘ਵੈਦਿਕ’ ਵੇਲਿਆਂ ਦੀ ਸ਼ਾਨ ਦੱਸ ਕੇ ਲੋਕਾਂ ’ਤੇ ਧਾਰਮਿਕ ਸ਼ਨਾਖ਼ਤ ਮੜ੍ਹੀ ਜਾਵੇ।
ਜਦੋਂ ਮੇਰੇ ਪਿਤਾ ਜੀ ਹਸਪਤਾਲ ਦੇ ਆਈ.ਸੀ.ਯੂ. ਵਿਚ ਵਾਇਰਸ ਦਾ ਮੁਕਾਬਲਾ ਕਰ ਰਹੇ ਸਨ ਤਾਂ ਹਿੰਦੂ-ਮੁਸਲਿਮ ਡਾਕਟਰਾਂ ਨਰਸਾਂ ਨੇ ਉਨ੍ਹਾਂ ਦਾ ਖ਼ਿਆਲ ਰੱਖਿਆ। ਉਹ ਮੇਰੇ ਪਿਤਾ ਦੀ ਲੰਬੀ ਚਿੱਟੀ ਦਾੜ੍ਹੀ ਤੇ ਵਾਲ਼ਾਂ ਕਰਕੇ ਉਨ੍ਹਾਂ ਨੂੰ ‘ਬਾਬਾ’ ਕਹਿੰਦੇ ਸਨ। ‘ਬਾਬਾ’ ਸ਼ਬਦ ਕਿਸੇ ਵੀ ਖ਼ਾਸ ਭਾਈਚਾਰੇ ਦਾ ਨਹੀਂ ਹੈ। ਦੇਸ਼ ਦੇ ਕੁਝ ਹਿੱਸਿਆਂ ਵਿਚ ਇਹ ਸ਼ਬਦ ਪਿਓ ਵਾਸਤੇ ਵਰਤਿਆ ਜਾਂਦਾ ਹੈ। ਕਿਸੇ ਸਾਧ-ਸੰਤ ਜਾਂ ਸਿਆਣੇ ਬੰਦੇ ਲਈ ਵੀ ਬਾਬਾ ਵਰਤਿਆ ਜਾਂਦਾ ਹੈ। ‘ਬਾਬਾ’ ਜੀ ਨੇ 1947 ਤੇ 1984 ਦੇ ਫ਼ਿਰਕੂ ਵਾਇਰਸ ਤੋਂ ਤਾਂ ਅਪਣੇ ਆਪ ਨੂੰ ਬਚਾ ਲਿਆ ਸੀ, ਪਰ ਇਕ ਐਸੇ ਵਾਇਰਸ ਦੀ ਭੇਟ ਚੜ੍ਹ ਗਏ ਜਿਹਨੂੰ ਮੁਲਕ ਦੇ ਹਾਕਮਾਂ ਦੀ ਸੱਤਾ ਦੀ ਭੁੱਖ ਨੇ ਲੋਕਾਂ ’ਤੇ ਕਹਿਰ ਢਾਹੁਣ ਦਿੱਤਾ। ਕੀ ਮੈਂ ਇਸ ਲਈ ਅਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਾਂ ਕਿ ਉਹ ਘੱਟੋ-ਘੱਟ ਇਕ ਚੰਗੇ ਹਸਪਤਾਲ ਵਿਚ ਵਧੀਆ ਇਲਾਜ-ਸੇਵਾ ਦੇ ਬਾਅਦ ਇੱਜ਼ਤ ਨਾਲ਼ ਪੂਰੇ ਹੋਏ ਜਦੋਂਕਿ ਬਹੁਤ ਸਾਰੇ ਲੋਕ ਮੁੱਢਲੀ ਸਿਹਤ ਸੇਵਾ ਦੀ ਉਡੀਕ ਵਿਚ ਹੀ ਚੱਲ ਵਸੇ? ਕਿ ਅਸੀਂ ਦਿੱਲੀ ਦੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦੀ ਦੇਹ ਨੂੰ ਬਿਜਲੀ ਦੀ ਅਗਨ ਭੇਟ ਕਰ ਸਕੇ, ਜਦੋਂ ਬਹੁਤ ਸਾਰਿਆਂ ਨੂੰ ਆਪਣੇ ਚੱਲ ਵਸੇ ਪਿਆਰਿਆਂ ਲਈ ਸਿਵੇ ਵੀ ਨਾ ਜੁੜੇ, ਤੇ ਉਨ੍ਹਾਂ ਨੂੰ ਦਰਿਆਵਾਂ ਵਿਚ ਰੋੜ੍ਹਨਾ ਪਿਆ?
ਮੈਂ ਅਰਦਾਸ ਹੀ ਕਰ ਸਕਦਾ ਹਾਂ, ਆਸ ਕਰ ਸਕਦਾ ਹਾਂ ਕਿ ਜਿਹੜੇ ਲੋਕ ਸਿਆਸਤਦਾਨਾਂ ਦੇ ਕਾਰਿਆਂ ਨੂੰ ਹਾਲੇ ਵੀ ਅੱਖੋਂ-ਪਰੋਖੇ ਕਰ ਰਹੇ ਹਨ, ਜ਼ਰਾ ਰੁਕਣ ਤੇ ਸੋਚਣ। ਦਰਅਸਲ, ਸਾਨੂੰ ਐਸੇ ਲੀਡਰ ਚਾਹੀਦੇ ਹਨ ਜਿਨ੍ਹਾਂ ਕੋਲ਼ ਨਿਤਾਣਿਆਂ, ਨਿਮਾਣਿਆਂ ਵਾਸਤੇ ਦਇਆ ਹੋਵੇ ਤੇ ਹਰ ਇਨਸਾਨ ਦੀ ਜ਼ਿੰਦਗੀ ਦੀ ਕਦਰ ਹੋਵੇ। ਅਜਿਹੇ ਆਗੂਆਂ ਦੇ ਅੱਗੇ ਆਉਣ ਵਾਸਤੇ ਸਾਨੂੰ ਸਭ ਨੂੰ ਆਪਣੀ ਬੇਮਾਅਨੀ ਫ਼ਿਰਕੂ ਸ਼ਨਾਖ਼ਤਾਂ ਤੋਂ ਉੱਪਰ ਉੱਠਣਾ ਪਵੇਗਾ ਤਾਂ ਕਿ ਮੇਰੇ ਪਿਤਾ ਤੇ ਹੋਰ ਲੱਖਾਂ ਲੋਕਾਂ ਦੀ ਕੁਰਬਾਨੀ ਅਜਾਈਂ ਨਾ ਜਾਵੇ।
ਈ-ਮੇਲ: gurvindarsingh@gmail.com
ਖ਼ਬਰ ਸ਼ੇਅਰ ਕਰੋ

Related Keywords

India , Delhi , Ganganagar , Rajasthan , Amritsar , Punjab , Lahore , Pakistan , Golden Temple , Mohalla , India General , Gurvinder Singh , Surinder Singh , Aaron , Father Surinder Singh , Lahore Town , Lahore Mountain , Indira Gandhi Sikh , Delhi Roads , Corporate Media , இந்தியா , டெல்ஹி , கங்கநகர் , ராஜஸ்தான் , அமிர்தசரஸ் , பஞ்சாப் , லாகூர் , பாக்கிஸ்தான் , தங்கம் கோயில் , மொஹல்லா , குர்விந்தர் சிங் , சுரிண்தேர் சிங் , ஆரோன் , டெல்ஹி சாலைகள் , பெருநிறுவன மீடியா ,

© 2025 Vimarsana