ਅਪਡੇਟ ਦਾ ਸਮਾਂ :
90
ਨਵੀਂ ਦਿੱਲੀ, 26 ਜੁਲਾਈ
ਪੈਗਾਸਸ ਜਾਸੂਸੀ ਕਾਂਡ ਦੀ ਸੰਭਾਵੀ ਸੂਚੀ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ ਦੇ ਸੀਨੀਅਰ ਅਧਿਕਾਰੀ ਰਾਜੇਸ਼ਵਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਰਹੇ ਵੀ ਕੇ ਜੈਨ (ਸਾਬਕਾ ਆਈਏਐੱਸ ਅਫ਼ਸਰ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਇਕ ਅਧਿਕਾਰੀ ਸਮੇਤ ਹੋਰ ਕਈ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ। ‘ਦਿ ਵਾਇਰ’ ਅਤੇ ਉਸ ਦੇ ਮੀਡੀਆ ਭਾਈਵਾਲਾਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਹੈ। ਫੋਰਬਿਡਨ ਸਟੋਰੀਜ਼ ਨੂੰ ਮਿਲੇ ਅੰਕੜਿਆਂ ਮੁਤਾਬਕ ਰਾਜੇਸ਼ਵਰ ਸਿੰਘ ਦੇ ਦੋ ਨੰਬਰਾਂ ਸਮੇਤ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਮਹਿਲਾਵਾਂ ਦੇ ਚਾਰ ਨੰਬਰ ਵੀ ਨਿਗਰਾਨੀ ਹੇਠ ਸਨ। ਈਡੀ ਅਧਿਕਾਰੀ ਰਾਜੇਸ਼ਵਰ ਸਿੰਘ ਨੇ 2ਜੀ ਸਪੈਕਟਰਮ ਘੁਟਾਲੇ ਅਤੇ ਏਅਰਸੈੱਲ-ਮੈਕਸਿਸ ਜਿਹੇ ਕਈ ਗੰਭੀਰ ਮਾਮਲਿਆਂ ਦੀ ਜਾਂਚ ਕੀਤੀ ਸੀ। ਉਹ ਸਹਾਰਾ ਗਰੁੱਪ ਦੀ ਜਾਂਚ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੀ ਜਾਂਚ ’ਚ ਵੀ ਸ਼ਾਮਲ ਰਹੇ ਸਨ। ਈਡੀ ਅਧਿਕਾਰੀ ਦੀ ਪਤਨੀ ਅਤੇ ਦੋ ਭੈਣਾਂ ਦੇ ਨੰਬਰਾਂ ਦੀ ਵੀ ਜਾਸੂਸੀ ਹੋਈ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਰਹੇ ਸਾਬਕਾ ਆਈਏਐੱਸ ਅਫ਼ਸਰ ਵੀ ਕੇ ਜੈਨ ਦੇ ਨੰਬਰ ਵੀ ਸੰਭਾਵੀ ਸੂਚੀ ’ਚ ਸ਼ਾਮਲ ਸਨ। ਜੈਨ ਸਕੂਲੀ ਸਿੱਖਿਆ ਅਤੇ ਸਿਹਤ ਢਾਂਚੇ ’ਚ ਸੁਧਾਰ ਜਿਹੇ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਨਾਲ ਜੁੜੇ ਹੋਏ ਸਨ। ਫਰਵਰੀ 2018 ’ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਦੇ ਸਬੰਧ ’ਚ ਦਿੱਲੀ ਪੁਲੀਸ ਵੱਲੋਂ ਜੈਨ ਤੋਂ ਵੀ ਪੁੱਛ-ਗਿੱਛ ਕੀਤੀ ਗਈ ਸੀ ਅਤੇ ਰਿਕਾਰਡ ਮੁਤਾਬਕ ਉਨ੍ਹਾਂ ਦਾ ਫੋਨ ਨੰਬਰ ਇਸ ਦੌਰਾਨ ਹੀ ਨਿਗਰਾਨੀ ’ਤੇ ਲਾਇਆ ਗਿਆ ਸੀ। ‘ਦਿ ਵਾਇਰ’ ਨੇ ਕਿਹਾ ਕਿ ਪੀਐੱਮਓ ਅਤੇ ਨੀਤੀ ਆਯੋਗ ਦੇ ਘੱਟੋ ਘੱਟ ਇਕ-ਇਕ ਅਧਿਕਾਰੀ ਦੇ ਨੰਬਰਾਂ ਦੇ ਵੇਰਵੇ ਵੀ ਲੀਕ ਹੋਏ ਰਿਕਾਰਡ ’ਚ ਸ਼ਾਮਲ ਹਨ। ਲੀਕ ਹੋਏ ਰਿਕਾਰਡ ’ਚ ਸੰਕੇਤ ਮਿਲਦੇ ਹਨ ਕਿ ਨੀਤੀ ਆਯੋਗ ਦੇ ਸੀਨੀਅਰ ਮੁਲਾਜ਼ਮ ਦੇ ਟੈਲੀਫੋਨ ਨੰਬਰ ਦੀ ਵੀ ਜਾਸੂਸੀ ਹੋ ਰਹੀ ਸੀ। ‘ਦਿ ਵਾਇਰ’ ਨੇ ਨੰਬਰ ਦੀ ਤਸਦੀਕ ਕਰਦਿਆਂ ਉਸ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ ਹੈ ਪਰ ਉਸ ਦੀ ਪਛਾਣ ਲੁਕਾ ਲਈ ਹੈ ਕਿਉਂਕਿ ਉਹ ਹੁਣ ਨੀਤੀ ਆਯੋਗ ਲਈ ਕੰਮ ਨਹੀਂ ਕਰ ਰਿਹਾ ਹੈ। ‘ਦਿ ਵਾਇਰ’ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ’ਚ ਅਧੀਨ ਸਕੱਤਰ ਵਜੋਂ ਮੌਜੂਦਾ ਸਮੇਂ ’ਚ ਕੰਮ ਕਰ ਰਹੇ ਇਕ ਅਧਿਕਾਰੀ ਦਾ ਨੰਬਰ ਵੀ 2017 ’ਚ ਜਾਸੂਸੀ ਵਾਸਤੇ ਸੰਭਾਵੀ ਸੂਚੀ ਲਈ ਚੁਣਿਆ ਗਿਆ ਸੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2017 ’ਚ ਦੌਰਿਆਂ ਦਾ ਮੁਖੀ ਸੀ।
-ਆਈਏਐਨਐਸ
ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ: ਥਰੂਰ
ਨਵੀਂ ਦਿੱਲੀ: ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਸੰਕੇਤ ਦਿੱਤਾ ਕਿ ਜਦੋਂ ਤੱਕ ਸਰਕਾਰ ਇਸ ਮੁੱਦੇ ’ਤੇ ਬਹਿਸ ਲਈ ਤਿਆਰ ਨਹੀਂ ਹੁੰਦੀ ਵਿਰੋਧੀ ਪਾਰਟੀਆਂ ਸੰਸਦ ਦੀ ਕਾਰਵਾਈ ਨਹੀਂ ਚੱਲਣ ਦੇਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਜਨਤਕ ਪੈਸੇ ਦੀ ਦੁਰਵਰਤੋਂ ਜਾਸੂਸੀ ਕਰਵਾਉਣ ਲਈ ਕੀਤੀ ਹੈ। ਸੰਸਦੀ ਗਲਿਆਰੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਰੂਰ ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ਮੁੱਦੇ ’ਤੇ ਬਹਿਸ ਕਰੇ ਪਰ ਉਹ ਇਸ ਲਈ ਰਾਜ਼ੀ ਨਹੀਂ ਹੋ ਰਹੀ। ਅਸੀਂ ਜੋ ਕਹਿ ਰਹੇ ਹਾਂ ਜੇਕਰ ਤੁਸੀਂ (ਸਰਕਾਰ) ਉਸ ਲਈ ਨਹੀਂ ਮੰਨਦੇ ਤੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਕੰਮ ਕਿਉਂ ਕਰਨ ਦੇਈਏ।’ ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਤੇ ਤਿੰਨੋਂ ਖੇਤੀ ਕਾਨੂੰਨ ਵੀ ਵਿਰੋਧੀ ਧਿਰ ਲਈ ਅਹਿਮ ਮਸਲੇ ਹਨ ਪਰ ਪੈਗਾਸਸ ਜਾਸੂਸੀ ਮਾਮਲਾ ਉਨ੍ਹਾਂ ਲਈ ਪ੍ਰਮੁੱਖ ਹੈ।
-ਪੀਟੀਆਈ
ਭਾਰਤ ਸਰਕਾਰ ਨੂੰ ਪੈਗਾਸਸ ਮਾਮਲੇ ਦੀ ਫਿਕਰ ਨਹੀਂ: ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਦੋਸ਼ ਲਾਇਆ ਕਿ ਭਾਰਤ ਸਰਕਾਰ ਦੁਨੀਆ ਦੀ ਇਕਲੌਤੀ ਅਜਿਹੀ ਸਰਕਾਰ ਹੈ ਜਿਸ ਨੂੰ ਪੈਗਾਸਸ ਜਾਸੂਸੀ ਮਾਮਲੇ ਦੀ ਕੋਈ ਫਿਕਰ ਨਹੀਂ ਹੈ। ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਟਵੀਟ ਕੀਤਾ, ‘ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨੇ ਇਜ਼ਰਾਈਲ ਦੇ ਪ੍ਰਧਾਨ ਮਤਰੀ ਬੈਨੇਟ ਨੂੰ ਫੋਨ ਕੀਤਾ ਅਤੇ ਫਰਾਂਸ ’ਚ ਫੋਨ ਹੈਕ ਕਰਨ ਲਈ ਪੈਗਾਸਸ ਸਪਾਈਵੇਅਰ ਦੀ ਕਥਿਤ ਵਰਤੋਂ ਦੀ ਪੂਰੀ ਜਾਣਕਾਰੀ ਮੰਗੀ ਜਿਸ ’ਚ ਰਾਸ਼ਟਰਪਤੀ ਦਾ ਫੋਨ ਨੰਬਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਬੈਨੇਟ ਨੇ ਆਪਣੀ ਜਾਂਚ ਦੇ ਨਤੀਜਿਆਂ ਨਾਲ ਵਾਪਸ ਆਉਣ ਦਾ ਵਾਅਦਾ ਕੀਤਾ।’ ਉਨ੍ਹਾਂ ਦੋਸ਼ ਲਾਇਆ, ‘ਇਕਲੌਤੀ ਸਰਕਾਰ ਜਿਸ ਨੂੰ ਕੋਈ ਫਿਕਰ ਨਹੀਂ ਹੈ ਉਹ ਭਾਰਤ ਸਰਕਾਰ ਹੈ? ਕੀ ਅਜਿਹਾ ਇਸ ਲਈ ਹੈ ਕਿਉਂਕਿ ਸਰਕਾਰ ਨੂੰ ਜਾਸੂਸੀ ਬਾਰੇ ਪੂਰੀ ਜਾਣਕਾਰੀ ਸੀ ਤੇ ਉਸ ਨੂੰ ਇਜ਼ਰਾਈਲ ਜਾਂ ਐੱਨਐੱਸਓ ਸਮੂਹ ਤੋਂ ਕਿਸੇ ਹੋਰ ਜਾਣਕਾਰੀ ਦੀ ਲੋੜ ਨਹੀਂ ਹੈ?’ ਉਨ੍ਹਾਂ ਬੀਤੇ ਦਿਨ ਵੀ ਕਿਹਾ ਸੀ ਕਿ ਸਰਕਾਰ ਨੂੰ ਇਸ ਮਾਮਲੇ ’ਚ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਕਿਸੇ ਮੌਜੂਦਾ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ।
-ਪੀਟੀਆਈ
Related Keywords