ਬਾਬੇ ਤੋਂ ਸ&#

ਬਾਬੇ ਤੋਂ ਸਵਾਮੀ ਤੱਕ: ਅੱਧੀ ਸਦੀ ਦੀ ਸਿਆਸਤ ਅਤੇ ਰਿਆਸਤ


ਅਪਡੇਟ ਦਾ ਸਮਾਂ :
340
ਜਸਵੀਰ ਸਮਰ
ਸਟੇਨ ਸਵਾਮੀ। ਉਮਰ 84 ਸਾਲ। ਮਾਓਵਾਦੀਆਂ ਨਾਲ ਸੰਪਰਕ ਹੋਣ ਦਾ ਦੋਸ਼। ਹਿਰਾਸਤ ਦੌਰਾਨ ਇਲਾਜ ਖੁਣੋਂ 5 ਜੁਲਾਈ 2021 ਨੂੰ ਮੌਤ। ਬੂਝਾ ਸਿੰਘ। ਉਮਰ 82 ਸਾਲ। ਨਕਸਲੀਆਂ ਦਾ ਰਾਹਨੁਮਾ ਹੋਣ ਦਾ ਦੋਸ਼। ਕਥਿਤ ਪੁਲੀਸ ਮੁਕਾਬਲੇ ਵਿਚ 28 ਜੁਲਾਈ 1970 ਨੂੰ ਮੌਤ। ਦੋਹਾਂ ਬਾਬਿਆਂ ਦੀ ਮੌਤ ਵਿਚਕਾਰ ਅੱਧੀ ਸਦੀ ਦਾ ਵਕਫ਼ਾ ਹੈ। ਅੱਸੀ ਅੱਸੀ ਵਰ੍ਹਿਆਂ ਦੇ ਬਾਬਿਆਂ ਤੋਂ ਰਿਆਸਤ/ਸਟੇਟ ਨੂੰ ਭਲਾ ਕਿੰਨਾ ਕੁ, ਤੇ ਕਿਹੜਾ ਖ਼ਤਰਾ ਸੀ?...
ਕੌਣ ਸੀ ਬੂਝਾ ਸਿੰਘ?... ਕਹਾਣੀਕਾਰ ਅਜਮੇਰ ਸਿੱਧੂ ਨੇ ਬਾਬਾ ਬੂਝਾ ਸਿੰਘ ਬਾਰੇ ਲਿਖੀ ਆਪਣੀ ਕਿਤਾਬ ਦਾ ਨਾਂ ‘ਬਾਬਾ ਬੂਝਾ ਸਿੰਘ: ਗ਼ਦਰ ਤੋਂ ਨਕਸਲਬਾੜੀ ਤੱਕ’ ਰੱਖਿਆ ਪਰ ਕਿਤਾਬ ਦਾ ਪਾਠ ਦੱਸਦਾ ਹੈ ਕਿ ਬਾਬੇ ਦੀ ਜਨਤਕ ਸ਼ੁਰੂਅਤ ਪਿੰਡ ਦੇ ਧਾਰਮਿਕ ਡੇਰੇ ਵਿਚ ਪ੍ਰਵਚਨਾਂ ਤੋਂ ਹੋਈ। ਇਨ੍ਹਾਂ ਪ੍ਰਵਚਨਾਂ ਨੂੰ ਜਦੋਂ ਸਿਆਸੀ ਸਾਣ ਚੜ੍ਹੀ ਤਾਂ ਇਸ ਜਿਊੜੇ ਦਾ ਜੀਵਨ ਇਤਿਹਾਸ ਦਾ ਸੁਨਹਿਰੀ ਸਫ਼ਾ ਬਣ ਗਿਆ। ਉਹ ਰੋਜ਼ੀ-ਰੋਟੀ ਲਈ ਅਰਜਨਟੀਨਾ ਗਿਆ ਪਰ ਗ਼ਦਰ ਦੀ ਜਾਗ ਲੱਗ ਗਈ। ਫਿਰ ਕਿਰਤੀ ਪਾਰਟੀ, ਸੀਪੀਆਈ, ਲਾਲ ਕਮਿਊਨਿਸਟ ਪਾਰਟੀ, ਸੀਪੀਆਈ(ਐੱਮ), ਸੀਪੀਆਈ(ਐੱਮਐੱਲ) ਦਾ ਸਫ਼ਰ ਸ਼ੁਰੂ ਹੋਇਆ। ਹਰ ਵਾਰ ਰਿਆਸਤ ਨੂੰ ਵੰਗਾਰ; ਨਤੀਜਾ: ਲਾਹੌਰ ਸ਼ਾਹੀ ਕਿਲ੍ਹੇ ਅੰਦਰ ਅੰਗਰੇਜ਼ਾਂ ਦਾ ਤਸ਼ੱਦਦ, ਦਿਓਲੀ ਕੈਂਪ ਅੰਦਰ ‘ਆਪਣੀ’ ਸਰਕਾਰ ਦਾ ਦਿੱਤਾ ਨਰਕ ਭੋਗਿਆ, ਫਿਰ ਇਨਕਲਾਬ ਦੇ ਸਾਜ਼ ਨੂੰ ਸੁਰ ਕਰਦਿਆਂ ਗੋਲੀ ਖਾਧੀ।
ਅਸਲ ਵਿਚ, ਕਿਸੇ ਵੀ ਰੰਗ ਦੀ ਰਿਆਸਤ ਨੂੰ ਕਿਸੇ ਵੀ ਕਿਸਮ ਦੀ ਵੰਗਾਰ ਮਨਜ਼ੂਰ ਨਹੀਂ। ਇਸੇ ਕਰਕੇ ਜਦੋਂ 70ਵਿਆਂ ਦੌਰਾਨ ਨੌਜਵਾਨਾਂ ਨੇ ਰਿਆਸਤ ਨੂੰ ਵੰਗਾਰਿਆ ਤਾਂ ਰਿਆਸਤ ਦਾ ਫ਼ੈਸਲਾ ਇਨ੍ਹਾਂ ਨੂੰ ਮਾਰ ਦੇਣ ਦਾ ਸੀ। ਬਹੁਤ ਕਮਜ਼ੋਰ ਸਰੀਰ ਵਾਲਾ ਬਾਬਾ ਬੂਝਾ ਸਿੰਘ ਜਿਸ ਨੂੰ ਅੱਖਾਂ ਤੋਂ ਪੂਰੀ ਤਰ੍ਹਾਂ ਦਿਸਦਾ ਵੀ ਨਹੀਂ ਸੀ, ਰਿਆਸਤ ਲਈ ਖ਼ਤਰਾ ਬਣ ਗਿਆ; ਅਖੇ, ਬਾਬਾ ਮੈਦਾਨ ਅੰਦਰ ਜੂਝਣ ਵਾਲੇ ਜਿਊੜੇ ਪੈਦਾ ਕਰ ਰਿਹਾ। ਅਸਲ ਵਿਚ ਬਾਬਾ ਹਨੇਰੀਆਂ ਰਾਤਾਂ ਅੰਦਰ ਜਿਹੜਾ ਸਕੂਲ ਲਾਉਂਦਾ ਸੀ, ਉਸ ’ਚ ਗਿਆ ਨੌਜਵਾਨ ਪਹਿਲਾਂ ਵਰਗਾ ਨਹੀਂ ਸੀ ਰਹਿੰਦਾ। ਇਸੇ ਤਰ੍ਹਾਂ ਦਾ ਕ੍ਰਿਸ਼ਮਾ ਉਦੋਂ ਦੂਰ ਦੇਸ ਪੇਰੂ ਵਿਚ ‘ਸ਼ਾਈਨਿੰਗ ਪਾਥ’ ਵਾਲਾ ਚੇਅਰਮੈਨ ਗੰਜ਼ਾਲੋ ਕਰ ਰਿਹਾ ਸੀ। 1969 ਵਿਚ ‘ਸ਼ਾਈਨਿੰਗ ਪਾਥ ਦੀ ਕਾਇਮੀ ਤੋਂ ਪਹਿਲਾਂ ਚੇਅਰਮੈਨ ਗੰਜ਼ਾਲੋ (ਅਬੀਮਲ ਗੁਜ਼ਮਾਨ) ਫਲਸਫੇ ਦਾ ਪ੍ਰੋਫੈਸਰ ਸੀ। ਜਿਹੜਾ ਵੀ ਉਹਦੇ ਸੰਪਰਕ ਵਿਚ ਆ ਜਾਂਦਾ ਸੀ, ਉਹਦੇ ਵਿਚਾਰਾਂ ਕਾਰਨ ਉਹਦਾ ਹੀ ਹੋ ਜਾਂਦਾ। ਇਸ ਕ੍ਰਿਸ਼ਮੇ ਕਰਕੇ ਹੀ ਪ੍ਰੋਫੈਸਰ ਦਾ ਨਾਂ ‘ਸ਼ੈਂਪੂ’ ਪੈ ਗਿਆ ਸੀ (ਜਿਹੜਾ ਅਗਲੇ ਦੇ ਅੰਦਰਲੀ ਮੈਲ਼ ਧੋ ਸੁੱਟਦਾ ਸੀ)। ਉਹ 1992 ਵਿਚ ਫੜੇ ਜਾਣ ਤੋਂ ਬਾਅਦ ਅੱਜ ਤੱਕ ਕੈਦ ਕੱਟ ਰਿਹਾ ਹੈ। ਰਿਆਸਤ ਦਾ ਫ਼ੈਸਲਾ ਹੈ ਕਿ ਉਹਨੂੰ ਬਾਹਰ ਨਹੀਂ ਆਉਣ ਦੇਣਾ। ...ਤੇ ਸਰੀਰ ਪੱਖੋਂ 90 ਫ਼ੀਸਦ ਅਪਾਹਜ ਪ੍ਰੋਫੈਸਰ ਜੀਐੱਨ ਸਾਈਬਾਬਾ ਵੀ ਤਾਂ ਹੁਣ ਉਮਰ ਕੈਦ ਭੋਗ ਰਿਹਾ ਹੈ। ਬੱਸ, ਰਿਆਸਤ ਦਾ ਫ਼ੈਸਲਾ ਹੈ!
ਫਾਦਰ ਸਟੇਨ ਸਵਾਮੀ ਬਾਰੇ ਵੀ ਰਿਆਸਤ ਦਾ ਇਹੀ ਫ਼ੈਸਲਾ ਸੀ। ...ਤੇ ਸਟੇਨ ਸਵਾਮੀ ਕੌਣ ਸੀ ਭਲਾ?... ਫਾਦਰ ਸਟੇਨ ਸਵਾਮੀ ਇੰਡੀਅਨ ਸੋਸ਼ਲ ਇੰਸਟੀਚਿਊਟ, ਬੰਗਲੌਰ ਦਾ 1975 ਤੋਂ 1986 ਤੱਕ ਡਾਇਰੈਕਟਰ ਰਿਹਾ ਜਿਹੜੀ ਭਾਰਤੀ ਸੰਵਿਧਾਨ ਸਭਾ ਦੇ ਮੈਂਬਰ ਅਤੇ ਸਿੱਖਿਆਦਾਨੀ ਜੇਰੋਮ ਡਿਸੂਜ਼ਾ ਨੇ 1951 ਵਿਚ ਬਣਾਈ ਸੀ (ਪਹਿਲਾਂ ਇਸ ਦਾ ਨਾਂ ਇੰਡੀਅਨ ਇੰਸਟੀਚਿਊਟ ਆਫ ਸੋਸ਼ਲ ਆਰਡਰ ਸੀ)। ਫਾਦਰ ਨੇ ਸੰਵਿਧਾਨ ਦਾ ਪੰਜਵਾਂ ਸ਼ਡਿਊਲ ਲਾਗੂ ਨਾ ਕਰਨ ਬਾਰੇ ਬੜੇ ਸਖ਼ਤ ਸਵਾਲ ਕੀਤੇ ਸਨ। ਇਸ ਸ਼ਡਿਊਲ ਮੁਤਾਬਿਕ ਕਬਾਇਲੀ ਸਲਾਹਕਾਰ ਕੌਂਸਲ ਬਣਾਈ ਜਾਣੀ ਸੀ, ਜਿਸ ਦੇ ਮੈਂਬਰ ਨਿਰੋਲ ਆਦਿਵਾਸੀ ਭਾਈਚਾਰੇ ਵਿਚੋਂ ਹੋਣੇ ਸਨ ਤਾਂ ਕਿ ਵਿਕਾਸ ਦੇ ਅੱਥਰੇ ਘੋੜੇ ’ਤੇ ਸਵਾਰ ਸਟੇਟ ਵਿਚ ਕਬਾਇਲੀਆਂ ਦੇ ਹਿਤਾਂ ਦੀ ਰਾਖੀ ਹੋ ਸਕੇ। ਰਿਆਸਤ ਨੂੰ ਫਾਦਰ ਦੇ ਸਖ਼ਤ ਲਹਿਜੇ ਵਿਚ ਪੁੱਛੇ ਸਵਾਲ ਵੰਗਾਰ ਜਾਪਣ ਲੱਗੇ ਅਤੇ ਉਹਦੇ ਬਾਰੇ ਵੀ ਦੋ-ਟੁੱਕ ਫ਼ੈਸਲਾ ਹੋ ਗਿਆ। ਪਿਛਲੇ ਸਾਲ 8 ਅਕਤੂਬਰ ਨੂੰ ਆਪਣੀ ਗ੍ਰਿਫਤਾਰੀ ਤੋਂ ਦੋ ਦਿਨ ਪਹਿਲਾਂ ਫਾਦਰ ਕਹਿੰਦਾ ਹੈ, ਐਨ ਸਪਸ਼ਟ: “ਮੈਂ ਇਕੱਲਾ ਨਹੀਂ ਹਾਂ ਜੋ ਮੇਰੇ ਨਾਲ ਅਜਿਹਾ ਸਲੂਕ ਹੋ ਰਿਹਾ ਹੈ। ਇਹ ਅਮਲ ਤਾਂ ਮੁਲਕ ਭਰ ਵਿਚ ਚੱਲ ਰਿਹਾ ਹੈ। ਅਸੀਂ ਜਾਣਦੇ ਹੀ ਹਾਂ ਕਿ ਅਸਹਿਮਤੀ ਪ੍ਰਗਟਾਉਣ ਜਾਂ ਸਵਾਲ ਉਠਾਉਣ ਵਾਲੇ ਅਹਿਮ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਸ਼ਾਇਰਾਂ, ਕਾਰਕੁਨਾਂ, ਵਿਦਿਆਰਥੀਆਂ, ਲੀਡਰਾਂ ਨੂੰ ਜੇਲ੍ਹਾਂ ਅੰਦਰ ਫਾਹਿਆ ਗਿਆ ਹੈ। ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਮੈਂ ਮਹਿਜ਼ ਮੂਕ ਦਰਸ਼ਕ ਨਹੀਂ ਬਣਿਆ, ਬਾਕੀ (ਬੋਲਣ ਦੀ) ਜੋ ਵੀ ਕੀਮਤ ਤਾਰਨੀ ਪਈ, ਉਹਦੇ ਲਈ ਤਿਆਰ ਹਾਂ।”
ਫਾਦਰ ਦੀ ਗ੍ਰਿਫਤਾਰੀ ਵੇਲੇ, ਤੇ ਫਿਰ ਮੌਤ ਵੇਲੇ ਵੀ ਉਹਦੇ ਆਪਣੇ ਲੋਕ ਮੂਕ ਦਰਸ਼ਕ ਨਹੀਂ ਬਣੇ। ਮੁਲਕ ਭਰ ਵਿਚ ਮੁਜ਼ਾਹਰੇ ਹੋਏ; ਲੇਖ ਲਿਖੇ ਗਏ, ਤੇ ਕਵਿਤਾਵਾਂ ਜੋੜੀਆਂ ਗਈਆਂ। ਬਾਬਾ ਬੂਝਾ ਸਿੰਘ ਦੀ ਮੌਤ ’ਤੇ ਵੀ ਇਸੇ ਤਰ੍ਹਾਂ ਰੋਹ ਦਾ ਭਾਂਬੜ ਬਲਿ਼ਆ ਸੀ। ਪੁਲੀਸ ਬਾਬੇ ਦੇ ਸਸਕਾਰ ਵੇਲੇ ਕਿਸੇ ਨੂੰ ਨੇੜੇ ਵੀ ਨਹੀਂ ਸੀ ਢੁਕਣ ਦੇ ਰਹੀ ਪਰ ਲੋਕ-ਰੋਹ ਨੇ ਪੁਲੀਸ ਵਾਲੇ ਤੁਰੰਤ ਹੀ ਖਦੇੜ ਦਿੱਤੇ ਅਤੇ ਲੋਕਾਂ ਨੇ ਲੋਕਾਂ ਦੇ ਜਾਏ ਦਾ ਸਸਕਾਰ ਖ਼ੁਦ ਕੀਤਾ। ਕਾਮਰੇਡ ਸੱਤਪਾਲ ਡਾਂਗ ਅਤੇ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਵਿਧਾਨ ਸਭਾ ਵਿਚ ਬਾਦਲ ਸਰਕਾਰ ਘੇਰੀ। ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ‘ਫਾਂਸੀ’ ਨਜ਼ਮ ਲਿਖ ਕੇ ਸੋਗ ਮਨਾਇਆ। ਸ਼ਾਇਰ ਸੰਤ ਰਾਮ ਉਦਾਸੀ ਨੇ ‘ਤੇਰੀ ਮੌਤ ਸੁਣਾਉਣੀ’ ਕਵਿਤਾ ਨਾਲ ਜੁਝਾਰੂਆਂ ਦੇ ਮੋਢੇ ਨਾਲ ਮੋਢਾ ਲਾਇਆ। ਸ਼ਾਇਰ ਲਾਲ ਸਿੰਘ ਦਿਲ ਨੇ ‘ਖੇਡ’ ਕਵਿਤਾ ਰਾਹੀਂ ਦਰਦ ਵੰਡਾਇਆ। 2010 ਵਿਚ ਪੱਤਰਕਾਰ/ਲੇਖਕ ਬਖ਼ਸ਼ਿੰਦਰ ਨੇ ਫੀਚਰ ਫਿਲਮ ਬਣਾਉਣ ਹਿਤ ਮੁਕੰਮਲ ਪਟਕਥਾ ‘ਬਾਬਾ ਇਨਕਲਾਬ ਸਿੰਘ’ ਲਿਖ ਕੇ ਸ਼ਰਧਾ ਭੇਟ ਕੀਤੀ। ਅਜਮੇਰ ਸਿੱਧੂ ਦੀ ਕਿਤਾਬ ਅੰਗਰੇਜ਼ੀ ਵਿਚ ਅਨੁਵਾਦ ਹੋ ਚੁੱਕੀ ਹੈ ਅਤੇ ਹੁਣ ਤੈਲਗੂ ਅਤੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋ ਰਹੀ ਹੈ।
ਇਹ ਅਟੁੱਟ ਲਾਮਡੋਰੀ ਹੈ ਜਿਹਦੀ ਪੇਸ਼ੀਨਗੋਈ ਫਾਦਰ ਸਟੇਨ ਸਵਾਮੀ ਨੇ ਇਹ ਕਹਿੰਦਿਆਂ ਕੀਤੀ ਸੀ: “ਮੈਂ ਇਕੱਲਾ ਨਹੀਂ ਹਾਂ”। ਸੱਚਮੁੱਚ ਰਿਆਸਤ ਨੂੰ ਵੰਗਾਰਨ ਵਾਲੇ ‘ਯੁੱਗ ਪਲਟਾਉਣ ਵਿਚ ਮਸਰੂਫ਼ ਲੋਕ’ ਕਦੀ ਇਕੱਲੇ ਨਹੀਂ ਹੁੰਦੇ!
ਸੰਪਰਕ: 98722-69310

Related Keywords

India , Bangalore , Karnataka , Lahore , Punjab , Pakistan , Ajmer , Rajasthan , Argentina , Duleep Singh , Baba Singh , Kumar Batalvi , Sant Ram Udasi , Shiv Kumar Batalvi , Satya Dang , Badal Sarkar , Lal Singh Dil , Constitution Of India Assembly , Indian Institute , Swami Indian Social Institute , Young , Advisor Council , Babe Swami , India Assembly , Social Order , Comrade Satya Dang , Comrade Duleep Singh , இந்தியா , பெங்களூர் , கர்நாடகா , லாகூர் , பஞ்சாப் , பாக்கிஸ்தான் , அஜ்மீர் , ராஜஸ்தான் , அர்ஜெண்டினா , துலீப் சிங் , பாபா சிங் , குமார் புதல்வி , சந்த் ரேம் உதசி , ஷிவ் குமார் புதல்வி , பாடல் சர்க்கார் , லால் சிங் தில் , இந்தியன் நிறுவனம் , இளம் , சமூக ஆர்டர் ,

© 2025 Vimarsana