ਅਪਡੇਟ ਦਾ ਸਮਾਂ :
640
ਚੰਡੀਗੜ੍ਹ, 17 ਜੁਲਾਈ
ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦੌਰਾਨ ਅੱਜ ਚੰਡੀਗੜ੍ਹ ’ਚ ਰਾਜਸੀ ਸਰਗਮੀਆਂ ਜ਼ੋਰਾਂ ’ਤੇ ਰਹੀਆਂ। ਪਾਰਟੀ ਦੇ ਪ੍ਰਦੇਸ਼ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਉਚੇਚੇ ਤੌਰ ’ਤੇ ਅੱਜ ਚੰਡੀਗੜ੍ਹ ਪਹੁੰਚੇ। ਉਧਰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਸਮੇਤ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਅੱਧੀ ਦਰਜਨ ਤੋਂ ਵੱਧ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ। ਮੁੱਖ ਮੰਤਰੀ ਅਤੇ ਰਾਵਤ ਦਰਮਿਆਨ ਸਿਸਵਾਂ ਫਾਰਮ ’ਤੇ ਲੰਮੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਸ੍ਰੀ ਰਾਵਤ ਨੇ ਸੰਕੇਤ ਦਿੱਤੇ ਕਿ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਦੇ ਹਰ ਫੈਸਲੇ ਦਾ ਸਨਮਾਨ ਕਰਨਗੇ। ਮੁੱਖ ਮੰਤਰੀ ਨੇ ਵੀ ਟਵੀਟ ਕਰਕੇ ਹਾਈਕਮਾਨ ਦਾ ਫੈਸਲਾ ਮੰਨਣ ਦੀ ਗੱਲ ਜਨਤਕ ਤੌਰ ’ਤੇ ਆਖੀ ਹੈ। ਉਂਜ ਮੁੱਖ ਮੰਤਰੀ ਨੇ ਕੁੱਝ ਸ਼ਰਤਾਂ ਵੀ ਲਗਾ ਦਿੱਤੀਆਂ ਹਨ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਨੂੰ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਸਮੇਂ ਦੌਰਾਨ ਚੁਭਵੀਂ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜਾਣਕਾਰ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਸਿੱਧੂ ਮੁਆਫ਼ੀ ਨਹੀਂ ਮੰਗ ਲੈਂਦੇ, ਉਦੋਂ ਤੱਕ ਮੁਲਾਕਾਤ ਨਹੀਂ ਹੋ ਸਕਦੀ ਹੈ। ਮੁੱਖ ਮੰਤਰੀ ਨੇ ਸ੍ਰੀ ਰਾਵਤ ਨੂੰ ਇੱਥੋਂ ਤੱਕ ਉਲਾਂਭਾ ਦਿੱਤਾ ਕਿ ਹਾਈਕਮਾਨ ਨੇ ਪੰਜਾਬ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਨਜਿੱਠਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀਆਂ ਇਨ੍ਹਾਂ ਸ਼ਰਤਾਂ ਅਤੇ ਉਲਾਂਭਿਆਂ ਪ੍ਰਤੀ ਪਾਰਟੀ ਹਾਈਕਮਾਨ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਾਂਗਰਸ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਾਟੋ ਕਲੇਸ਼ ਦੌਰਾਨ ਅੱਜ ਵਾਪਰੀਆਂ ਘਟਨਾਵਾਂ ਨੂੰ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਪਾਰਟੀ ਦੇ ਸੀਨੀਅਰ ਆਗੂਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਪ੍ਰਧਾਨਾਂ, ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗਾਂ ਦਾ ਦੌਰ ਹਾਈਕਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਚਲਾਇਆ ਗਿਆ ਹੈ ਤਾਂ ਜੋ ਧੜੇਬੰਦੀ ਖ਼ਤਮ ਹੋਣ ਦਾ ਪ੍ਰਭਾਵ ਦਿੱਤਾ ਜਾ ਸਕੇ। ਇਨ੍ਹਾਂ ਮੀਟਿੰਗਾਂ ਦੌਰਾਨ ਇਕੱਠੇ ਹੋ ਕੇ ਚੱਲਣ ਦੀ ਗੱਲ ਕਹੀ ਗਈ। ਉਧਰ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਿਨ ਵੇਲੇ ਜਿੱਥੇ ਨਵਜੋਤ ਸਿੰਘ ਸਿੱਧੂ ਨਾਲ ਤਸਵੀਰਾਂ ਖਿਚਵਾ ਰਹੇ ਸਨ, ਸ਼ਾਮ ਨੂੰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿਸਵਾਂ ਫਾਰਮ ’ਤੇ ਮੀਟਿੰਗ ਕਰ ਰਹੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਰੋਚਕ ਤੱਥ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਸਨ। ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਪ੍ਰਭਾਵਸ਼ਾਲੀ ਪੁਜ਼ੀਸ਼ਨ ਹਾਸਲ ਕਰਨ ਲਈ ਬਾਜਵਾ ਮੁੱਖ ਮੰਤਰੀ ਨਾਲ ਹੱਥ ਮਿਲਾ ਸਕਦੇ ਹਨ। ਕਾਂਗਰਸ ਵੱਲੋਂ ਹੁਣ ਤੱਕ ਪ੍ਰਧਾਨਗੀ ਦੇ ਅਹੁਦੇ ਦੀ ਨਿਯੁਕਤੀ ਸਬੰਧੀ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਸਿੱਧੂ ਧੜੇ ਦਾ ਕਹਿਣਾ ਹੈ ਕਿ ਇਹ ਪੱਤਰ ਕਿਸੇ ਵੀ ਸਮੇਂ ਜਾਰੀ ਹੋ ਸਕਦਾ ਹੈ। ਉਧਰ ਕੈਪਟਨ ਧੜੇ ਦਾ ਦਾਅਵਾ ਹੈ ਕਿ ਹਾਈ ਕਮਾਨ ਦੇ ਫੈਸਲੇ ਨੂੰ ਰੋਕਣ ਲਈ ਆਖਰੀ ਦਮ ਤੱਕ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ। ਕੈਪਟਨ ਦੀ ਅੱਜ ਦੀ ਰਣਨੀਤੀ ਵੀ ਨਵਜੋਤ ਸਿੰਘ ਸਿੱਧੂ ਦਾ ਰਾਹ ਰੋਕਣ ਦੇ ਯਤਨ ਹੀ ਹਨ। ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਬਾਗ਼ੀ ਆਗੂਆਂ ਨੂੰ ਕਾਂਗਰਸ ਛੱਡਣ ਦੀ ਚਿਤਾਵਨੀ ਦਿੱਤੀ ਹੈ, ਉਸ ਤੋਂ ਇਹ ਵੀ ਲਗਦਾ ਹੈ ਕਿ ਹਾਈਕਮਾਨ ਵੱਲੋਂ ਜੋ ਫੈਸਲਾ ਲਿਆ ਗਿਆ ਹੈ, ਉਸ ਦੇ ਸਿਰੇ ਚੜ੍ਹਨ ਦੇ ਆਸਾਰ ਹਨ।
ਕਾਂਗਰਸ ਆਗੂ ਲਾਲ ਸਿੰਘ ਨੂੰ ਮਿਲਦੇ ਹੋਏ ਨਵਜੋਤ ਸਿੰਘ ਸਿੱਧੂ।
ਸੋਨੀਆ ਦੇ ਫ਼ੈਸਲੇ ’ਤੇ ਕੈਪਟਨ ਫੁੱਲ ਚੜ੍ਹਾਉਣਗੇ: ਰਾਵਤ
ਚੰਡੀਗੜ੍ਹ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਗੱਲ ਸਪੱਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ‘ਮਹਾਨ’ ਬਿਆਨ ਦਿੱਤਾ ਸੀ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਲਏ ਜਾਣ ਵਾਲੇ ਕਿਸੇ ਵੀ ਫ਼ੈਸਲੇ ਨੂੰ ਮੰਨਣਗੇ ਅਤੇ ਇਹੋ ਬਿਆਨ ਅੱਜ ਉਨ੍ਹਾ ਮੁੜ ਦੁਹਰਾਇਆ ਹੈ। ਬਾਅਦ ’ਚ ਟਵਿੱਟਰ ’ਤੇ ਰਾਵਤ ਨੇ ਕਿਹਾ,‘‘ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਮਗਰੋਂ ਦਿੱਲੀ ਪਰਤ ਆਇਆ ਹਾਂ। ਮੈਂ ਇਸ ਗੱਲੋਂ ਖੁਸ਼ ਹਾਂ ਕਿ ਕਈ ਗੱਲਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਸਨ, ਉਹ ਪੂਰੀ ਤਰ੍ਹਾਂ ਨਾਲ ਆਧਾਰਹੀਣ ਸਾਬਿਤ ਹੋਈਆਂ ਹਨ। ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਹ ਉਨ੍ਹਾਂ (ਕੈਪਟਨ) ਨੂੰ ਸਵੀਕਾਰਯੋਗ ਹੋਵੇਗਾ। ਮਹਾਨ ਬਿਆਨ ਦੇਣ ਲਈ ਕੈਪਟਨ ਤੁਹਾਡਾ ਧੰਨਵਾਦ।’’ ਉਨ੍ਹਾਂ ਮੁੱਖ ਮੰਤਰੀ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ। -ਪੀਟੀਆਈ
ਸੁਨੀਲ ਜਾਖੜ ਨੇ ਸਿੱਧੂ ਨੂੰ ਯੋਗ ਆਗੂ ਦੱਸਿਆ
ਪਾਰਟੀ ਹਾਈਕਮਾਨ ਨੇ ਅਜੇ ਪ੍ਰਧਾਨਗੀ ਦੇ ਮੁੱਦੇ ’ਤੇ ਭਾਵੇਂ ਚੁੱਪੀ ਧਾਰੀ ਹੋਈ ਹੈ ਪਰ ਨਵਜੋਤ ਸਿੱਧੂ ਨੇ ਅੱਜ ਸਵੇਰੇ ਤੋਂ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਸੀ। ਉਹ ਪਟਿਆਲਾ ਤੋਂ ਕਰੀਬ 65 ਕਿਲੋਮੀਟਰ ਦੂਰ ਪੰਚਕੂਲਾ ਪਹੁੰਚੇ ਜਿਥੇ ਉਨ੍ਹਾਂ ਸਵੇਰੇ ਪੌਣੇ 11 ਵਜੇ ਦੇ ਕਰੀਬ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਕਰੀਬ ਅੱਧੇ ਘੰਟੇ ਦੀ ਬੈਠਕ ਤੋਂ ਬਾਅਦ ਦੋਵੇਂ ਆਗੂ ਹੱਸਦੇ ਹੋਏ ਘਰ ਤੋਂ ਬਾਹਰ ਨਿਕਲੇ ਅਤੇ ਇਕ-ਦੂਜੇ ਨੂੰ ਜੱਫੀ ਪਾਈ। ਸਿੱਧੂ ਨੇ ਜਾਖੜ ਨੂੰ ਆਪਣਾ ਵੱਡਾ ਭਰਾ ਅਤੇ ਮਾਰਗ ਦਰਸ਼ਕ ਦੱਸਿਆ। ਸ੍ਰੀ ਜਾਖੜ ਨੇ ਵੀ ਕਿਹਾ ਕਿ ਸਿੱਧੂ ਯੋਗ ਆਗੂ ਹਨ। ਜਾਖੜ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਕਰੀਬ 20 ਕਿਲੋਮੀਟਰ ਦੂਰ ਚੰਡੀਗੜ੍ਹ ’ਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲਣ ਲਈ ਪਹੁੰਚੇ। ਸਿੱਧੂ ਨੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਮੁਲਾਕਾਤ ਕੀਤੀ। ਇਸ ਮਗਰੋਂ ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਅੰਦਰ ‘ਸਭ ਕੁਝ ਠੀਕ’ ਹੈ ਅਤੇ ਉਨ੍ਹਾਂ ਸਿੱਧੂ ਨਾਲ ਆਪਣੇ ਪਰਿਵਾਰਕ ਸਬੰਧਾਂ ਦੀ ਜਾਣਕਾਰੀ ਦਿੱਤੀ। ਉਧਰ ਨਵਜੋਤ ਸਿੱਧੂ ਨੇ ਤਿੰਨ ਸਾਬਕਾ ਪ੍ਰਧਾਨਾਂ ਪ੍ਰਤਾਪ ਸਿੰਘ ਬਾਜਵਾ, ਲਾਲ ਸਿੰਘ ਅਤੇ ਸ਼ਮਸ਼ੇਰ ਸਿੰਘ ਦੂਲੋ ਅਤੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਖਿਚਵਾਈਆਂ ਤਸਵੀਰਾਂ ਟਵੀਟ ਕੀਤੀਆਂ। ਸਿੱਧੂ ਨੇ ਟਵੀਟ ਕਰਕੇ ਕਿਹਾ,‘ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਾਮੀ ਪ੍ਰਧਾਨਾਂ ਤੋਂ ਸੇਧ ਲਈ। ਸੂਝਵਾਨ ਵਿਅਕਤੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।’ ਬਾਅਦ ’ਚ ਸਿੱਧੂ ਪਟਿਆਲਾ ਲਈ ਰਵਾਨਾ ਹੋ ਗਏ ਜਿਥੇ ਉਨ੍ਹਾਂ ਆਪਣੀ ਰਿਹਾਇਸ਼ ’ਤੇ ਵੀ ਕਈ ਹੋਰ ਪਾਰਟੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ। -ਪੀਟੀਆਈ
ਖ਼ਬਰ ਸ਼ੇਅਰ ਕਰੋ
Related Keywords