ਨਵੀਂ ਦਿੱਲੀ, 16 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 17 ਜੁਲਾਈ ਨੂੰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਈ-ਮੇਲ ਰਾਹੀਂ ‘ਵੋਟਰਜ਼ ਵ੍ਹਿਪ’ ਭੇਜਿਆ ਜਾਵੇਗਾ ਜਿਸ ਤਹਿਤ ਉਹ ਸੰਸਦ ਦੇ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ’ਚ ਕਿਸਾਨਾਂ ਦੀਆਂ ਮੰਗਾਂ ਉਠਾਉਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿਆਰ ‘ਵੋਟਰਜ਼ ਵ੍ਹਿਪ’ ’ਚ ਅਹਿਮ ਮੁੱਦੇ ਚੁੱਕੇ ਗਏ ਹਨ। ਸੰਸਦ ਮੈਂਬਰਾਂ ਨੂੰ ਚਾਰ ਨੁਕਤੇ ਦੱਸ ਕੇ ਤਾਕੀਦ ਕੀਤੀ ਗਈ ਹੈ ਕਿ ਸੰਸਦ ਦੇ ਸੈਸ਼ਨ ਦੌਰਾਨ ਉਹ ਕਿਸਾਨੀ ਮੰਗਾਂ ਉਪਰ ਧਿਆਨ ਕੇਂਦਰਤ ਕਰਨ। ਕਿਸਾਨਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਕਿਸਾਨੀ ਮੰਗਾਂ ਤੋਂ ਥਿੜਕੇ ਤਾਂ ਉਨ੍ਹਾਂ ਦਾ ਵੀ ਭਾਜਪਾ ਵਾਂਗ ਜਨਤਕ ਵਿਰੋਧ ਸ਼ੁਰੂ ਕਰ ਦਿੱਤਾ ਜਾਵੇਗਾ।ਬਰਤਾਨੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀਆਂ ਸੰਸਦਾਂ ਵਿੱਚ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਬਾਰੇ ਹੋਈਆਂ ਬਹਿਸਾਂ ਦਾ ਜ਼ਿਕਰ ਕਰਦੇ ਹੋਇਆ ‘ਵੋਟਰਜ਼ ਵ੍ਹਿਪ’ ਵਿੱਚ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਵੱਲ ਕੂਚ ਤੋਂ ਸ਼ੁਰੂ ਹੋਏ ਅੰਦੋਲਨ ਦੀ ਜਾਣਕਾਰੀ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਇਸ ਵ੍ਹਿਪ ਵਿੱਚ ਸੰਸਦ ਮੈਂਬਰਾਂ ਖ਼ਾਸ ਕਰਕੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਕਿਹਾ ਗਿਆ ਹੈ ਕਿ ਉਹ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਸਾਰੇ ਦਿਨ ਉੱਥੇ ਮੌਜੂਦ ਰਹਿਣ। ਸੰਸਦ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੰਸਦ ਅੰਦਰ ਬਿਨਾਂ ਕਿਸੇ ਰੁਕਾਵਟ ਦੇ ਕਿਸਾਨੀ ਮੁੱਦੇ ਉਠਾਉਣ ਅਤੇ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਦਾ ਸਮਰਥਨ ਕਰਨ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਦੋਂ ਤੱਕ ਹੋਰ ਕੋਈ ਸੰਸਦੀ ਕੰਮ ਨਾ ਹੋਣ ਦੇਣ ਜਦੋਂ ਤੱਕ ਮੋਦੀ ਸਰਕਾਰ ਕਿਸਾਨੀ ਮੰਗਾਂ ਬਾਰੇ ਸਦਨ ਅੰਦਰ ਕਿਸਾਨੀ ਮੰਗਾਂ ਦੀ ਪਾਲਣਾ ਨਹੀਂ ਕਰਦੀ। ਕਿਸਾਨੀ ਨਾਲ ਜੁੜੇ ਵੋਟਰਾਂ ਵੱਲੋਂ ਜਾਰੀ ਕੀਤੀ ਜਾਣ ਵਾਲੀ ਇਸ ਵ੍ਹਿਪ ਵਿੱਚ ਸੰਸਦ ਮੈਂਬਰਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਸੰਸਦ ’ਚੋਂ ‘ਵਾਕਆਊਟ’ ਬਾਰੇ ਨਾ ਸੋਚਣ ਕਿਉਂਕਿ ਇਸ ਨਾਲ ਸੱਤਾਧਾਰੀ ਧਿਰ ਨੂੰ ਆਪਣੇ ਕੰਮ ਬਿਨਾਂ ਰੁਕਾਵਟ ਦੇ ਕਰਨ ਦਾ ਮੌਕਾ ਮਿਲ ਜਾਵੇਗਾ। ਵ੍ਹਿਪ ਵਿੱਚ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੂੰ ਜੇਕਰ ਮੁਅੱਤਲ ਜਾਂ ਸਦਨ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਤਾਂ ਵੀ ਉਹ ਸਦਨ ਵਿੱਚ ਮੁੜ ਚਲੇ ਜਾਣ ਅਤੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਡਟੇ ਰਹਿਣ। ‘ਵੋਟਰਜ਼ ਵ੍ਹਿਪ’ ਦੇ ਅਖ਼ੀਰ ਵਿੱਚ ਸੰਸਦ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਇਸ ਨੂੰ ਵੋਟਰਾਂ ਦੀ ਵ੍ਹਿਪ ਮੰਨਿਆ ਜਾ ਸਕਦਾ ਹੈ ਜੋ ਤੁਹਾਡੀ ਪਾਰਟੀ ਵੱਲੋਂ ਜਾਰੀ ਵ੍ਹਿਪ ਨੂੰ ‘ਓਵਰਰਾਈਡ’ ਕਰਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇਕਰ ਪਾਰਟੀ ਅਤੇ ਸੰਸਦ ਮੈਂਬਰ ਇਸ ਦੀ ਅਣਦੇਖੀ ਕਰਦੇ ਹਨ ਤਾਂ ਭਾਰਤ ਦੇ ਕਿਸਾਨ ਹਰ ਜਨਤਕ ਪੱਧਰ ’ਤੇ ਉਨ੍ਹਾਂ ਦਾ ਵਿਰੋਧ ਕਰਨ ਲਈ ਮਜਬੂਰ ਹੋਣਗੇ ਜਿਵੇਂ ਕਿਸਾਨਾਂ ਵੱਲੋਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅੰਨਦਾਤਾ ਦੀ ਆਵਾਜ਼ ਬਣਨਾ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ: ਭਗਵੰਤ ਮਾਨ
ਚੰਡੀਗੜ੍ਹ (ਦਵਿੰਦਰ ਪਾਲ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਸੰਸਦ ਮੈਂਬਰਾਂ ਨੂੰ ਜਾਰੀ ਕੀਤੀ ‘ਪੀਪਲਜ਼ ਵ੍ਹਿਪ’ ਦਾ ਸਮਰਥਨ ਕਰਦਿਆਂ ਸੰਸਦ ਮੈਂਬਰਾਂ ਨੂੰ ਇੱਕ ਚਿੱਠੀ ਲਿਖ ਕੇ ਕਿਸਾਨਾਂ ਦੀ ਆਵਾਜ਼ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਪੀਲ ਮੰਨਦਿਆਂ ਸੈਸ਼ਨ ਦੌਰਾਨ ਬਾਈਕਾਟ ਜਾਂ ਵਾਕਆਊਟ ਤੋਂ ਗੁਰੇਜ਼ ਕੀਤਾ ਜਾਵੇ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ ਦੇ ਅੰਦਰ ਰਹਿ ਕੇ ਆਵਾਜ਼ ਬੁਲੰਦ ਕੀਤੀ ਜਾਵੇ ਕਿਉਂਕਿ ਕਿਸਾਨ ਦੇਸ਼ ਦੇ ਅੰਨਦਾਤਾ ਅਤੇ ਰੀੜ੍ਹ ਦੀ ਹੱਡੀ ਹਨ, ਇਸ ਲਈ ਕਿਸਾਨਾਂ ਦੀ ਆਵਾਜ਼ ਨੂੰ ਹਾਕਮਾਂ ਤਕ ਪਹੁੰਚਾਉਣਾ ਸਮੂਹ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ ਅਤੇ ਧਰਮ ਹੈ। ਚਿੱਠੀ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨ ਪਿਛਲੇ ਇਕ ਸਾਲ ਤੋਂ ਕੇਂਦਰ ਵੱਲੋਂ ਥੋਪੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਤੋਂ ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਸੰਸਦ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਕਿਸਾਨਾਂ ਦੇ ਮਸਲੇ ’ਤੇ ਸਾਰੇ ਮੈਂਬਰ ਇਕਜੁੱਟ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਹੱਲਾ ਬੋਲਣ ਤਾਂ ਜੋ ਸਰਕਾਰ ਕੋਈ ਠੋਸ ਫ਼ੈਸਲਾ ਲਵੇ। ਮਾਨ ਨੇ ਕਿਹਾ ਕਿ ਸੰਸਦ ਦੇ 19 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਸੈਸ਼ਨ ਦੌਰਾਨ ਉਹ ਆਪਣੇ ਤੌਰ ’ਤੇ ਖੇਤੀ ਕਾਨੂੰਨਾਂ ਸਬੰਧੀ ਕਈ ਸੁਆਲ ਸਪੀਕਰ ਦੀ ਆਗਿਆ ਨਾਲ ਲੋਕ ਸਭਾ ਵਿੱਚ ਰੱਖਣਗੇ।
ਕਿਸਾਨਾਂ ’ਤੇ ਦਰਜ ਕੇਸਾਂ ਵਿਰੁੱਧ ਸਿਰਸਾ ਮਿੰਨੀ ਸਕੱਤਰੇਤ ਦਾ ਘਿਰਾਓ ਅੱਜ
ਸਿਰਸਾ (ਪੱਤਰ ਪ੍ਰੇਰਕ): ਇੱਥੋਂ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰਨ ’ਤੇ ਕਿਸਾਨਾਂ ਉੱਪਰ ਦੇਸ਼ਧ੍ਰੋਹ ਸਮੇਤ ਕਈ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ’ਤੇ ਪੰਜ ਕਿਸਾਨਾਂ ਨੂੰ ਜੇਲ੍ਹ ਭੇਜੇ ਜਾਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 17 ਜੁਲਾਈ ਨੂੰ ਜ਼ਿਲ੍ਹਾ ਪੁਲੀਸ ਕਪਤਾਨ ਦੇ ਦਫ਼ਤਰ ਦਾ ਘਿਰਾਓ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਜਿੱਥੇ ਮਿੰਨੀ ਸਕੱਤਰੇਤ ਨੂੰ ਜਾਂਦੇ ਸਾਰੇ ਰਾਹਾਂ ’ਤੇ ਭਾਰੀ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਹੈ ਉੱਥੇ ਹੀ ਸਿਰਸਾ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀਆਂ ਸੜਕਾਂ ’ਤੇ ਵੀ ਥਾਂ-ਥਾਂ ’ਤੇ ਪੁਲੀਸ ਵੱਲੋਂ ਬੈਰੀਕੇਡ ਲਗਾਏ ਗਏ ਹਨ। ਕਿਸਾਨਾਂ ਨੂੰ ਮਿੰਨੀ ਸਕੱਤਰੇਤ ਪੁੱਜਣ ਤੋਂ ਰੋਕਣ ਲਈ ਪੁਲੀਸ ਦੀਆਂ ਕਈ ਕੰਪਨੀਆਂ ਨੂੰ ਸੱਦਿਆ ਗਿਆ ਹੈ। ਡੀਐੱਸਪੀ ਆਰਿਅਨ ਚੌਧਰੀ ਨੇ ਦੱਸਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਖ਼ਬਰ ਸ਼ੇਅਰ ਕਰੋ
Related Keywords