ਅਪਡੇਟ ਦਾ ਸਮਾਂ :
290
1
ਸਰਦਾਰ ਦਿਆਲ ਸਿੰਘ ਮਜੀਠੀਆ, ਸਰ ਗੰਗਾ ਰਾਮ, ਭਾਈ ਰਾਮ ਸਿੰਘ
ਸੁਭਾਸ਼ ਪਰਿਹਾਰ
ਸੁਭਾਸ਼ ਪਰਿਹਾਰ
ਪੰਜਾਬੀਆਂ ਦੇ ਲੋਕ-ਮਨਾਂ ’ਚ ‘ਸ਼ਹਾਦਤ’ ਦਾ ਸੰਕਲਪ ਇੰਨੀ ਡੂੰਘੀ ਤਰ੍ਹਾਂ ਖੁੱਭਿਆ ਹੋਇਆ ਹੈ ਕਿ ਇਹ ਇਸ ਗੱਲ ਵਿਚ ਘੱਟ ਹੀ ਰੁਚੀ ਰੱਖਦੇ ਹਨ ਕਿ ਕਿਸੇ ਵਿਅਕਤੀ ਨੇ ਜਿਉਂਦੇ ਰਹਿ ਕੇ ਸਮਾਜ ਦੀ ਬਿਹਤਰੀ ਲਈ ਕੀ ਕੁਝ ਕੀਤਾ ਹੈ। ਅਸੀਂ ਪਾਠਕਾਂ ਦਾ ਧਿਆਨ ਇਤਿਹਾਸਕ ਸ਼ਹਿਰ ਲਾਹੌਰ ਦੀਆਂ ਤਿੰਨ ਅਜਿਹੀਆਂ ਸ਼ਖ਼ਸੀਅਤਾਂ- ਸਰਦਾਰ ਦਿਆਲ ਸਿੰਘ ਮਜੀਠੀਆ (1848-1898), ਸਰ ਗੰਗਾ ਰਾਮ (ਜਨਮ 1851-1927), ਅਤੇ ਭਾਈ ਰਾਮ ਸਿੰਘ (1857-1916)- ਦੀ ਦੇਣ ਵੱਲ ਦਿਵਾਉਣ ਦਾ ਯਤਨ ਕਰਾਂਗੇ ਜਿਨ੍ਹਾਂ ਨੇ ਆਪਣੇ ਸਮੇਂ ਦੌਰਾਨ ਸਮਾਜ ਭਲਾਈ, ਸਿੱਖਿਆ ਅਤੇ ਕਲਾ ਦੇ ਖੇਤਰਾਂ ਵਿਚ ਲਾਸਾਨੀ ਯੋਗਦਾਨ ਪਾਇਆ। ਇਨ੍ਹਾਂ ਦੇ ਕੀਤੇ ਕੰਮ ਪੱਛਮੀ ਅਤੇ ਪੂਰਬੀ ਦੋਵੇਂ ਪੰਜਾਬਾਂ ਵਿੱਚ ਅੱਜ ਵੀ ਮੌਜੂਦ ਹਨ ਅਤੇ ਸਾਡੇ ਵਰਤਮਾਨ ਜੀਵਨ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਇਤਫ਼ਾਕ ਨਾਲ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਦਾ ਜਨਮ ਇੱਕੋ ਦਹਾਕੇ (1848-1857) ਦੌਰਾਨ ਹੋਇਆ।
1799 ਵਿਚ ਲਾਹੌਰ ਉੱਪਰ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਤੋਂ ਤੀਹ ਕੁ ਸਾਲ ਪਹਿਲਾਂ ਤੋਂ ਇਸ ਇਲਾਕੇ ਉੱਪਰ ਸਿੱਖ ਸਰਦਾਰਾਂ ਦੀ ਤਿੱਕੜੀ ਕਾਬਜ਼ ਸੀ ਜਿਸ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਸ਼ਾਮਿਲ ਸੀ। ਮਜੀਠੀਏ ਸਰਦਾਰ ਸ਼ੇਰਗਿੱਲ ਗੋਤ ਦੇ ਜੱਟ ਸਨ (ਭਾਰਤ ਦੀ ਪਹਿਲੀ ਮਹਾਨ ਆਧੁਨਿਕ ਕਲਾਕਾਰ ਅੰਮ੍ਰਿਤਾ ਸ਼ੇਰਗਿੱਲ ਇਸੇ ਪਰਿਵਾਰ ਨਾਲ ਸਬੰਧਿਤ ਸੀ)। ਇਨ੍ਹਾਂ ਦਾ ਮੂਲ ਪਿੰਡ ਮਜੀਠਾ (ਅੰਮ੍ਰਿਤਸਰ ਦੇ 20 ਕੁ ਕਿਲੋਮੀਟਰ ਉੱਤਰ-ਪੂਰਬ ਵੱਲ) ਹੋਣ ਕਾਰਨ ਇਨ੍ਹਾਂ ਨੂੰ ‘ਮਜੀਠੀਏ’ ਕਿਹਾ ਜਾਂਦਾ ਸੀ। ਤਿੱਕੜੀ ਦੇ ਬਾਕੀ ਦੋ ਸਰਦਾਰ ਸਨ- ਗੁੱਜਰ ਸਿੰਘ ਭੰਗੀ ਅਤੇ ਸੁੱਬਾ ਸਿੰਘ। ਇਨ੍ਹਾਂ ਤਿੰਨਾਂ ਨੇ ਮਿਲ ਕੇ ਇਹ ਇਲਾਕਾ ਅਹਿਮਦ ਸ਼ਾਹ ਅਬਦਾਲੀ (ਰਾਜ 1747-1772) ਅਤੇ ਉਸ ਦੇ ਜਾਂਨਸ਼ੀਨ ਤੈਮੂਰ ਸ਼ਾਹ (ਰਾਜ 1772-1793) ਤੋਂ ਸਾਲਾਨਾ ਟੈਕਸ ਭਰਨ ਦੇ ਇਵਜ਼ ਵਿਚ ਪ੍ਰਾਪਤ ਕੀਤਾ ਸੀ। ਲਾਹੌਰ ਸ਼ਹਿਰ ਅਤੇ ਇਸ ਦਾ ਕਿਲ੍ਹਾ ਮਜੀਠੀਏ ਸਰਦਾਰ ਦੇ ਕਬਜ਼ੇ ਵਿਚ ਸੀ। 1799 ਵਿਚ ਲਾਹੌਰ ’ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਤਾਂ ਲਹਿਣਾ ਸਿੰਘ ਉਸ ਦਾ ਭਰੋਸੇਯੋਗ ਸਲਾਹਕਾਰ ਬਣ ਗਿਆ। ਲਾਹੌਰ ਦਰਬਾਰ ਵਿਚ ਵਿਗਿਆਨਕ ਸੋਚ ਰੱਖਣ ਵਾਲਾ ਉਹ ਇੱਕੋ-ਇੱਕ ਸਰਦਾਰ ਸੀ।
ਸਰਦਾਰ ਲਹਿਣਾ ਸਿੰਘ ਦਾ ਜੇਠਾ ਪੁੱਤਰ ਰਣਜੋਧ ਸਿੰਘ ਸੀ ਜਿਸ ਨੇ ਬ੍ਰਿਟਿਸ਼ ਅਤੇ ਫ਼ਰਾਂਸੀਸੀ ਫ਼ੌਜੀ ਜਰਨੈਲਾਂ ਤੋਂ ਬਾਕਾਇਦਾ ਮਿਲਟਰੀ ਸਿੱਖਿਆ ਲਈ ਸੀ। ਉਸ ਨੇ ਆਲੀਵਾਲ ਅਤੇ ਬੱਦੋਵਾਲ ਦੀਆਂ ਲੜਾਈਆਂ ਵਿਚ ਹਿੱਸਾ ਲਿਆ, ਪਰ ਮੁੜਦੇ ਸਮੇਂ ਇੱਕ ਮੁਠਭੇੜ ਵਿਚ ਮਾਰਿਆ ਗਿਆ। ਲਹਿਣਾ ਸਿੰਘ ਦਾ ਦੂਜਾ ਬੇਟਾ ਸੀ ਦਿਆਲ ਸਿੰਘ ਜੋ ਪਿਤਾ ਦੇ ਦੇਹਾਂਤ ਸਮੇਂ ਸਿਰਫ਼ ਛੇ ਸਾਲ ਦਾ ਸੀ। ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿਚ ਪੜ੍ਹਾਈ ਕਰਨ ਮਗਰੋਂ ਵੱਡਾ ਹੋ ਕੇ ਦਿਆਲ ਸਿੰਘ ਨੇ ਰੀਅਲ ਅਸਟੇਟ ਅਤੇ ਹੀਰਿਆਂ ਦੇ ਵਪਾਰ ਵਿਚ ਚੋਖਾ ਪੈਸਾ ਕਮਾਇਆ। 23 ਮਈ 1894 ਨੂੰ ਜਦ ਪੂਰੀ ਤਰ੍ਹਾਂ ਭਾਰਤੀ ਸਰਮਾਏ ਨਾਲ ਸਥਾਪਿਤ ਕੀਤੇ ਮੁਲਕ ਦਾ ਪਹਿਲਾ ਬੈਂਕ - ਪੰਜਾਬ ਨੈਸ਼ਨਲ ਬੈਂਕ - ਖੋਲ੍ਹਿਆ ਗਿਆ ਤਾਂ ਦਿਆਲ ਸਿੰਘ ਨੂੰ ਇਸ ਦੇ ਡਾਇਰੈਕਟਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਸਰਦਾਰ ਦਿਆਲ ਸਿੰਘ ਮਜੀਠੀਆ ਦੇ ਨਾਂ ’ਤੇ ਲਾਹੌਰ ਵਿਚ ਮੌਜੂਦ ਕਾਲਜ।
ਦਿਆਲ ਸਿੰਘ ਦੀ ਪਹਿਲੀ ਚਿਰਸਥਾਈ ਦੇਣ ਸੀ ਉਸ ਵੱਲੋਂ 2 ਫਰਵਰੀ 1881 ਨੂੰ ਲਾਹੌਰ ਤੋਂ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਸ਼ਾਇਆ ਕਰਨਾ। ਸ਼ੁਰੂ ਵਿਚ ਇਹ ਅਖ਼ਬਾਰ ਹਫ਼ਤਾਵਾਰੀ ਸੀ, ਫਿਰ 16 ਅਕਤੂਬਰ 1884 ਨੂੰ ਇਸ ਦਾ ਪ੍ਰਕਾਸ਼ਨ ਹਫ਼ਤੇ ਵਿਚ ਦੋ ਵਾਰ, 11 ਜਨਵਰੀ 1898 ਨੂੰ ਹਫ਼ਤੇ ਵਿਚ ਤਿੰਨ ਵਾਰ (ਮੰਗਲਵਾਰ, ਵੀਰਵਾਰ, ਸ਼ਨਿੱਚਰਵਾਰ) ਅਤੇ 1 ਦਸੰਬਰ 1906 ਤੋਂ ਇਹ ਰੋਜ਼ਾਨਾ ਹੋ ਗਿਆ।
ਨੌਂ ਸਤੰਬਰ 1898 ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਦੇਹਾਂਤ ਹੋ ਗਿਆ। ਉਸ ਦੀ ਆਪਣੀ ਕੋਈ ਔਲਾਦ ਨਾ ਹੋਣ ਕਾਰਨ ਉਸ ਦੇ ਇੱਕ ਸਕੇ ਸਬੰਧੀ ਗਜਿੰਦਰ ਸਿੰਘ ਨੂੰ ਵਾਰਿਸ ਨਿਯੁਕਤ ਕੀਤਾ ਗਿਆ।
ਦਿਆਲ ਸਿੰਘ ਦੀ ਦੂਜੀ ਵੱਡੀ ਇੱਛਾ ਸੀ ਲਾਹੌਰ ਵਿਖੇ ਕਾਲਜ ਅਤੇ ਲਾਇਬ੍ਰੇਰੀ ਖੋਲ੍ਹਣਾ। ਇਹ ਕੰਮ ਉਹ ਜਿਉਂਦੇ ਜੀਅ ਤਾਂ ਨਾ ਕਰ ਸਕਿਆ, ਪਰ ਇਨ੍ਹਾਂ ਕੰਮਾਂ ਲਈ ਉਸ ਨੇ ਆਪ ਦੋ ਹੋਰ ਟਰੱਸਟ ਸਥਾਪਿਤ ਕਰ ਦਿੱਤੇ ਸਨ। ਕਾਲਜ ਦੇ ਟਰੱਸਟ ਲਈ ਉਸ ਨੇ ਆਪਣੇ 25 ਮਕਾਨ ਲਾਹੌਰ ਵਿਖੇ, ਇਕ ਮਕਾਨ ਕਰਾਚੀ ਵਿਖੇ, 5129 ਵਿੱਘੇ ਜ਼ਮੀਨ ਅਤੇ ਇੱਕ ਲੱਖ ਰੁਪਏ ਤੋਂ ਵੱਧ ਦੇ ਸ਼ੇਅਰ ਦਿੱਤੇ ਸਨ। ਟਰੱਸਟ ਵੱਲੋਂ ਦਿਆਲ ਸਿੰਘ ਕਾਲਜ ਦੀ ਸਥਾਪਨਾ 3 ਮਈ 1910 ਨੂੰ ਕੀਤੀ ਗਈ, ਪਰ ਦਿਆਲ ਸਿੰਘ ਟਰੱਸਟ ਲਾਇਬ੍ਰੇਰੀ ਦੀ ਸਥਾਪਨਾ 1923 ਵਿਚ ਹੀ ਹੋ ਸਕੀ।
ਲਾਹੌਰ ਵਿਖੇ ਇਸ ਕਾਲਜ ਅਤੇ ਲਾਇਬ੍ਰੇਰੀ ਦੀਆਂ ਸੰਸਥਾਵਾਂ ਹੁਣ ਵੀ ਬਾਦਸਤੂਰ ਆਪਣੇ ਅਸਲ ਨਾਵਾਂ ਨਾਲ ਚੱਲ ਰਹੀਆਂ ਹਨ।
* * *
ਉਰਦੂ ਦੇ ਪ੍ਰਸਿੱਧ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ (1912-55) ਦੀ ਇੱਕ ਛੋਟੀ ਜਿਹੀ ਪਰ ਅਰਥਪੂਰਣ ਕਹਾਣੀ ਹੈ- ਜੁੱਤਾ: ਹਜ਼ੂਮ ਨੇ ਪਾਸਾ ਮੋੜਿਆ, ਅਤੇ ਸਰ ਗੰਗਾ ਰਾਮ ਦੇ ਬੁੱਤ ਉੱਤੇ ਟੁੱਟ ਪਿਆ। ਲਾਠੀਆਂ ਵਰਸਾਈਆਂ ਗਈਆਂ, ਇੱਟਾਂ ਅਤੇ ਪੱਥਰ ਸੁੱਟੇ ਗਏ। ਇੱਕ ਨੇ ਮੂੰਹ ਉੱਤੇ ਤਾਰਕੋਲ ਮਲ਼ ਦਿੱਤਾ, ਦੂਜੇ ਨੇ ਬਹੁਤ ਸਾਰੇ ਪੁਰਾਣੇ ਜੁੱਤੇ ਜਮ੍ਹਾ ਕੀਤੇ ਅਤੇ ਉਨ੍ਹਾਂ ਦਾ ਹਾਰ ਬਣਾ ਕੇ ਬੁੱਤ ਦੇ ਗਲ਼ੇ ਵਿਚ ਪਾਉਣ ਲਈ ਅੱਗੇ ਵਧਿਆ ਕਿ ਪੁਲੀਸ ਆ ਗਈ ਅਤੇ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਜੁੱਤੀਆਂ ਦਾ ਹਾਰ ਪਹਿਨਾਉਣ ਵਾਲਾ ਜ਼ਖ਼ਮੀ ਹੋ ਗਿਆ, ਸੋ ਮਲ੍ਹਮ ਪੱਟੀ ਦੇ ਲਈ ਉਸ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ਭੇਜ ਦਿੱਤਾ ਗਿਆ।
ਦਰਅਸਲ ਇਹ ਕਹਾਣੀ ਕਾਲਪਨਿਕ ਨਹੀਂ ਸਗੋਂ 1947 ਦੀ ਵੰਡ ਸਮੇਂ ਲਾਹੌਰ ਵਿਖੇ ਵਾਪਰੀ ਇੱਕ ਸੱਚੀ ਘਟਨਾ ਹੈ। ਹਾਲਾਤ ਦੀ ਵਿਡੰਬਨਾ ਕਿ ਜਿਸ ਸ਼ਖ਼ਸ ਦੇ ਬੁੱਤ ਦੇ ਗਲ਼ ਵਿਚ ਉਹ ਬੰਦਾ ਜੁੱਤੀਆਂ ਦਾ ਹਾਰ ਪਾਉਣ ਦਾ ਯਤਨ ਕਰ ਰਿਹਾ ਸੀ, ਪੁਲੀਸ ਦੀ ਗੋਲ਼ੀ ਲੱਗਣ ਮਗਰੋਂ ਉਸ ਨੂੰ ਉਸੇ ਸ਼ਖ਼ਸ ਰਾਹੀਂ ਸਥਾਪਿਤ ਕੀਤੇ ਗਏ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਕੌਣ ਸੀ ਇਹ ਬੁੱਤ ਵਾਲਾ ਅਤੇ ਹਸਪਤਾਲ ਬਣਾਉਣ ਵਾਲਾ ਸਰ ਗੰਗਾ ਰਾਮ?
ਗੰਗਾ ਰਾਮ ਪੇਸ਼ੇ ਵਜੋਂ ਸਿਵਿਲ ਇੰਜੀਨੀਅਰ ਸੀ, ਪਰ ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਸ ਨੇ ਜੋ ਕੁਝ ਆਪਣੀ ਬੁੱਧੀ ਅਤੇ ਮਿਹਨਤ ਨਾਲ ਕਮਾਇਆ ਉਸ ਦਾ ਬਹੁਤਾ ਭਾਗ ਲੋਕ-ਭਲਾਈ ’ਤੇ ਖਰਚ ਕਰ ਦਿੱਤਾ। ਪਾਕਿਸਤਾਨੀ ਕਾਲਮਨਵੀਸ ਖ਼ਾਲਿਦ ਅਹਿਮਦ ਨੇ ਆਪਣੀ ਕਿਤਾਬ ‘ਬਿਹਾਈਂਡ ਦਿ ਆਈਡੀਓਲੌਜੀਕਲ ਮਾਸਕ’ (Behind the Ideological Mask, 2001) ਵਿਚ ਉਸ ਨੂੰ “ਆਧੁਨਿਕ ਲਾਹੌਰ ਦਾ ਪਿਤਾ” ਕਰਾਰ ਦਿੱਤਾ ਹੈ।
ਸਰ ਗੰਗਾ ਰਾਮ ਹਸਪਤਾਲ, ਲਾਹੌਰ।
ਗੰਗਾ ਰਾਮ ਦਾ ਜਨਮ 1851 ਦੀ ਵਿਸਾਖੀ ਦੇ ਦਿਨ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਂਗਟਾਂਵਾਲਾ ਵਿਖੇ ਹੋਇਆ। ਉਸ ਦਾ ਪਰਿਵਾਰਿਕ ਪਿਛੋਕੜ ਬਿਲਕੁਲ ਸਾਧਾਰਨ ਸੀ। ਪਿਤਾ ਦੌਲਤ ਰਾਮ ਇਸੇ ਪਿੰਡ ਦੇ ਪੁਲੀਸ ਸਟੇਸ਼ਨ ਵਿੱਚ ਜੂਨੀਅਰ ਸਬ-ਇੰਸਪੈਕਟਰ ਸੀ। ਕੁਝ ਸਮੇਂ ਮਗਰੋਂ ਉਹ ਅੰਮ੍ਰਿਤਸਰ ਆ ਗਿਆ। ਗੰਗਾ ਰਾਮ ਦੀ ਮੁੱਢਲੀ ਪੜ੍ਹਾਈ ਇੱਥੇ ਹੀ ਹੋਈ ਅਤੇ ਇਸ ਤੋਂ ਬਾਅਦ 1869 ਵਿਚ ਉਸ ਨੇ ਲਾਹੌਰ ਵਿਚ ਦਾਖਲਾ ਲੈ ਲਿਆ। 1871 ਵਿਚ ਅਗਲੀ ਪੜ੍ਹਾਈ ਲਈ ਉਸ ਨੂੰ ਸਰਕਾਰੀ ਵਜ਼ੀਫ਼ਾ ਮਿਲ ਗਿਆ ਜਿਸ ਨਾਲ ਉਹ ਰੁੜਕੀ ਦੇ ਟਾੱਮਸਨ ਕਾਲਜ (ਵਰਤਮਾਨ ਆਈ.ਆਈ.ਟੀ.) ਵਿਚ ਸਿਵਿਲ ਇੰਜੀਨੀਅਰ ਦੀ ਪੜ੍ਹਾਈ ਲਈ ਚਲਿਆ ਗਿਆ ਜਿੱਥੋਂ ਉਸ ਨੇ 1873 ਵਿਚ ਸੋਨ ਤਗਮਾ ਪ੍ਰਾਪਤ ਕੀਤਾ।
ਪੜ੍ਹਾਈ ਪੂਰੀ ਕਰ ਕੇ ਉਹ ਦਿੱਲੀ ਵਿਖੇ ਨਿਯੁਕਤ ਹੋ ਗਿਆ। ਤਤਕਾਲੀਨ ਵਾਇਸਰਾਏ ਲਾਰਡ ਰਿਪਨ ਨੇ ਉਸ ਦੀ ਯੋਗਤਾ ਨੂੰ ਦੇਖਦਿਆਂ ਉਸ ਨੂੰ ਦੋ ਸਾਲ ਲਈ ਵਿਸ਼ੇਸ਼ ਤੌਰ ’ਤੇ ਵਾਟਰ ਵਰਕਸ ਅਤੇ ਡਰੇਨੇਜ ਦੀ ਸਿੱਖਿਆ ਲੈਣ ਲਈ ਬਰੈਡਫੋਰਡ, ਇੰਗਲੈਂਡ ਭੇਜ ਦਿੱਤਾ। ਮੁੜਨ ’ਤੇ ਉਹ 12 ਸਾਲ ਲਾਹੌਰ ਵਿਖੇ ਸਿਵਿਲ ਇੰਜੀਨੀਅਰ ਰਿਹਾ ਜਿਸ ਦੌਰਾਨ ਉਸ ਨੇ ਲਾਹੌਰ ਦਾ ਡਾਕਖਾਨਾ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ, ਲਾਹੌਰ ਹਾਈ ਕੋਰਟ, ਮੇਓ ਸਕੂਲ ਔਫ਼ ਆਰਟਸ (ਵਰਤਮਾਨ ਨੈਸ਼ਨਲ ਕਾਲਜ ਔਫ਼ ਆਰਟ), ਹੈਲੇ ਕਮਰਸ ਕਾਲਜ ਵਰਗੀਆਂ ਇਮਾਰਤਾਂ ਦੀ ਉਸਾਰੀ ਕਰਵਾਈ। ਇੰਗਲੈਂਡ ਦੇ ਬਾਦਸ਼ਾਹ ਐਡਵਰਡ ਸੱਤਵੇਂ ਦੀ ਤਾਜਪੋਸ਼ੀ ਮੌਕੇ 1903 ਵਿਚ ਲਾਰਡ ਕਰਜ਼ਨ ਵੱਲੋਂ ਆਯੋਜਿਤ ਦਿੱਲੀ ਦਰਬਾਰ ਵਿਚ ਸਾਰਾ ਪ੍ਰਬੰਧ ਉਸੇ ਦੀ ਯੋਜਨਾ ਅਨੁਸਾਰ ਅਤੇ ਨਿਗਰਾਨੀ ਵਿਚ ਕੀਤਾ ਗਿਆ ਸੀ। ਬਿਹਤਰੀਨ ਕੰਮ ਕਰਨ ਦੇ ਇਵਜ਼ ਵਿਚ ਉਸ ਨੂੰ ‘ਰਾਏ ਬਹਾਦਰ’ ਦਾ ਖ਼ਿਤਾਬ ਵੀ ਮਿਲਿਆ। ਇਸ ਮਗਰੋਂ ਉਸ ਨੇ 52 ਸਾਲ ਦੀ ਉਮਰ ਵਿਚ ਹੀ ਸਰਕਾਰੀ ਨੌਕਰੀ ਤੋਂ ਸੇਵਾਮੁਕਤੀ ਲੈ ਲਈ।
ਗੰਗਾ ਰਾਮ ਨੇ ਮਿੰਟਗੁਮਰੀ ਜ਼ਿਲ੍ਹੇ ਵਿਚ ਬ੍ਰਿਟਿਸ਼ ਸਰਕਾਰ ਤੋਂ 20 ਮੁਰੱਬੇ (500 ਏਕੜ) ਬੰਜਰ ਜ਼ਮੀਨ ਖੇਤੀ ਲਈ ਪਟੇ ’ਤੇ ਲੈ ਲਈ। ਇਸ ਜ਼ਮੀਨ ਨੂੰ ਕਿਸੇ ਪਾਸਿਓਂ ਪਾਣੀ ਨਹੀਂ ਸੀ ਲੱਗਦਾ। ਗੰਗਾ ਰਾਮ ਨੇ ਆਪਣੇ ਇੰਜੀਨੀਅਰੀ ਗਿਆਨ ਦੀ ਵਰਤੋਂ ਕਰਕੇ ਪਹਿਲਾਂ ਇਸ ਜ਼ਮੀਨ ਨੂੰ ਚਨਾਬ ਦਰਿਆ ਵਿਚੋਂ ਨਿਕਲਦੀ ਗੋਗੇਰਾ ਬ੍ਰਾਂਚ ਨਾਲ ਜੋੜਿਆ ਅਤੇ ਅੱਗੇ ਲਿਫ਼ਟ ਨਾਲ ਪਾਣੀ ਚੁੱਕ ਕੇ ਇਸ ਜ਼ਮੀਨ ਨੂੰ ਸਿੰਜਾਈਯੋਗ ਬਣਾਇਆ। ਤਿੰਨ ਸਾਲਾਂ ਵਿਚ ਹੀ ਉਸ ਬੰਜਰ ਜ਼ਮੀਨ ਵਿਚ ਹਰੇ-ਭਰੇ ਖੇਤ ਲਹਿਲਹਾਉਣ ਲੱਗੇ। ਇੱਥੇ ਹੀ ਉਸ ਨੇ ਗੰਗਾਪੁਰ ਨਾਂ ਦਾ ਪਿੰਡ ਵਸਾਇਆ। ਇਸ ਪਿੰਡ ਨੂੰ ਲਾਹੌਰ-ਜੜ੍ਹਾਂਵਾਲਾ ਰੇਲਵੇ ਲਾਈਨ ’ਤੇ ਸਥਿਤ ਸਟੇਸ਼ਨ ਬੁੱਚੀਆਣਾ ਨਾਲ ਘੋੜਾ-ਰੇਲ ਨਾਲ ਜੋੜਿਆ (ਇਹ ਸਵਾਰੀ ਚਲਦੀ ਲੋਹੇ ਦੀ ਰੇਲ ’ਤੇ ਹੈ ਪਰ ਇਸ ਨੂੰ ਖਿੱਚਦਾ ਘੋੜਾ ਹੈ)।
ਆਪਣੀ ਕਮਾਈ ਦਾ ਬਹੁਤਾ ਹਿੱਸਾ ਉਸ ਨੇ ਸਮਾਜ ਭਲਾਈ ਦੇ ਕੰਮਾਂ ’ਤੇ ਹੀ ਖਰਚ ਕਰ ਦਿੱਤਾ। ਉਸ ਦੇ ਕੀਤੇ ਕੰਮਾਂ ਵਿਚੋਂ ਪ੍ਰਮੁੱਖ ਹੈ ਲਾਹੌਰ ਵਿਖੇ ਸਰ ਗੰਗਾਰਾਮ ਹਸਪਤਾਲ ਦੀ ਸਥਾਪਨਾ।
1922 ਵਿਚ ਜਾਰਜ ਪੰਜਮ ਨੇ ਉਸ ਨੂੰ ਇੰਗਲੈਂਡ ਸੱਦ ਕੇ ਬਕਿੰਘਮ ਪੈਲੇਸ ਵਿਚ ਵਿਸ਼ੇਸ਼ ਸਨਮਾਨ ਦਿੱਤਾ। ਦਸ ਜੁਲਾਈ 1927 ਨੂੰ 76 ਸਾਲ ਦੀ ਉਮਰ ਵਿਚ ਲੰਡਨ ਵਿਖੇ ਉਸ ਦਾ ਦੇਹਾਂਤ ਹੋ ਗਿਆ।
* * *
ਤੀਸਰਾ ਲਾਹੌਰੀਆ ਸੀ- ਆਰਕੀਟੈਕਟ ਭਾਈ ਰਾਮ ਸਿੰਘ ਜਿਸ ਦਾ ਜਨਮ, ਉਨ੍ਹਾਂ ਦੇ ਪਰਿਵਾਰ ਦੇ ਦੱਸਣ ਮੁਤਾਬਿਕ ਪਹਿਲੀ ਅਗਸਤ 1858 ਨੂੰ ਬਟਾਲੇ ਲਾਗੇ ਪਿੰਡ ਰਸੂਲਪੁਰ ਵਿਚ ਇੱਕ ਸਾਧਾਰਨ ਮਿਸਤਰੀ ਆਸਾ ਸਿੰਘ ਦੇ ਘਰ ਹੋਇਆ।
ਉਸ ਸਮੇਂ ਪੰਜਾਬ ਦਾ ਇਹ ਭਾਗ ਸਿੱਧੀ ਬ੍ਰਿਟਿਸ਼ ਹਕੂਮਤ ਅਧੀਨ ਆ ਚੁੱਕਾ ਸੀ। ਨਵੇਂ ਹਾਕਮਾਂ ਨੇ ਪੰਜਾਬ ਵਿਚ ਪੱਛਮੀ ਤਰਜ਼ ’ਤੇ ਸਿੱਖਿਆ ਸੰਸਥਾਵਾਂ ਕਾਇਮ ਕੀਤੀਆਂ। ਜਨਵਰੀ 1874 ਵਿਚ ਲਾਹੌਰ ਵਿਖੇ ਕਾਰਪੇਂਟਰੀ ਸਕੂਲ ਖੋਲ੍ਹ ਦਿੱਤਾ ਤਾਂ 16 ਸਾਲ ਦੇ ਰਾਮ ਸਿੰਘ ਨੇ ਇਸ ਵਿਚ ਦਾਖ਼ਲਾ ਲੈ ਲਿਆ। ਅਗਲੇ ਹੀ ਸਾਲ ਲਾਹੌਰ ਵਿਚ ਹੀ ਮੇਓ ਸਕੂਲ ਔਫ਼ ਇੰਡਸਟ੍ਰੀਅਲ ਆਰਟਸ ਸ਼ੁਰੂ ਕੀਤਾ ਗਿਆ ਤਾਂ ਕਾਰਪੇਂਟਰੀ ਸਕੂਲ ਨੂੰ ਇਸੇ ਦਾ ਹਿੱਸਾ ਬਣਾ ਦਿੱਤਾ ਗਿਆ। ਪਿੰਡ ਦੇ ਛੋਟੇ ਜਿਹੇ ਸੀਮਿਤ ਦਾਇਰੇ ਤੋਂ ਇਸ ਕੇਂਦਰੀ ਸੰਸਥਾ ਵਿਚ ਆਉਣਾ ਰਾਮ ਸਿੰਘ ਲਈ ਵਰਦਾਨ ਸਿੱਧ ਹੋਇਆ। ਕਾਲਜ ਦਾ ਪ੍ਰਿੰਸੀਪਲ ਪਾਰਖੂ ਅੱਖ ਰੱਖਣ ਵਾਲਾ ਸਰ ਲਾੱਕਵੁੱਡ ਕਿਪਲਿੰਗ ਸੀ (ਜਿਸ ਦਾ ਬੇਟਾ ਰੁਡਯਾਰਡ ਕਿਪਲਿੰਗ ਬਾਅਦ ਵਿਚ ਕੌਮਾਂਤਰੀ ਪੱਧਰ ਦਾ ਸਾਹਿਤਕਾਰ ਬਣਿਆ)। ਛੇਤੀ ਹੀ ਉਸ ਨੇ ਰਾਮ ਸਿੰਘ ਦੀ ਪ੍ਰਤਿਭਾ ਪਛਾਣ ਲਈ ਅਤੇ ਉਸ ਨੂੰ ਹਰ ਤਰ੍ਹਾਂ ਨਾਲ ਉਤਸ਼ਾਹਿਤ ਕੀਤਾ। ਇੱਥੇ ਅੱਠ ਸਾਲ ਪੜ੍ਹ ਕੇ 1 ਅਪਰੈਲ 1883 ਨੂੰ ਰਾਮ ਸਿੰਘ ਇੱਥੇ ਹੀ ਅਸਿਸਟੈਂਟ ਡਰਾਇੰਗ ਮਾਸਟਰ ਲੱਗ ਗਿਆ। ਆਪਣੀ ਲਗਨ ਅਤੇ ਯੋਗਤਾ ਨਾਲ ਉਹ 1910 ਵਿਚ ਸੰਸਥਾ ਦੇ ਪ੍ਰਿੰਸੀਪਲ ਦੇ ਅਹੁਦੇ ਤੀਕ ਅੱਪੜ ਗਿਆ। ਅਕਤੂਬਰ 1913 ਵਿਚ ਉਹ ਸੇਵਾਮੁਕਤ ਹੋ ਗਿਆ
ਖਾਲਸਾ ਕਾਲਜ, ਅੰਮ੍ਰਿਤਸਰ।
ਬਤੌਰ ਆਰਕੀਟੈਕਟ ਭਾਈ ਰਾਮ ਸਿੰਘ ਨੇ ਮੇਓ ਸਕੂਲ ਔਫ਼ ਆਰਟਸ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ, ਚੰਬਾ ਹਾਊਸ ਅਤੇ ਪੰਜਾਬ ਯੂਨੀਵਰਸਿਟੀ ਦੀਆਂ ਕਈ ਇਮਾਰਤਾਂ ਡਿਜ਼ਾਈਨ ਕੀਤੀਆਂ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਖਾਲਸਾ ਕਾਲਜ, ਪਿਸ਼ਾਵਰ ਦੇ ਇਸਲਾਮੀਆ ਕਾਲਜ ਦੀਆਂ ਇਮਾਰਤਾਂ, ਸ਼ਿਮਲੇ ਵਿਚ ਗਵਰਨਰ ਹਾਊਸ ਅਤੇ ਲਾਇਲਪੁਰ ਵਿਚ ਖੇਤੀਬਾੜੀ ਕਾਲਜ ਵੀ ਉਸੇ ਦੀਆਂ ਕ੍ਰਿਤਾਂ ਹਨ। ਮਾਲਵੇ ਦੀਆਂ ਕਪੂਰਥਲਾ, ਨਾਭਾ, ਪਟਿਆਲਾ ਆਦਿ ਸਟੇਟਾਂ ਦੇ ਰਾਜਿਆਂ ਨੇ ਵੀ ਆਪਣੇ ਰਾਜਾਂ ਨੂੰ ਖ਼ੂਬਸੂਰਤ ਇਮਾਰਤਾਂ ਨਾਲ ਸਜਾਉਣ ਲਈ ਰਾਮ
Related Keywords