ਦੁਨੀਆ ਦੀਆ&#x

ਦੁਨੀਆ ਦੀਆਂ ਨਜ਼ਰਾਂ ਟੋਕੀਓ ਓਲੰਪਿਕ ਵੱਲ


ਅਪਡੇਟ ਦਾ ਸਮਾਂ :
170
ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ਸਥਿਤ ਓਲੰਪਿਕ ਸਟੇਡੀਅਮ
ਪ੍ਰਿੰ. ਸਰਵਣ ਸਿੰਘ
ਪ੍ਰਿੰ. ਸਰਵਣ ਸਿੰਘ
ਓਲੰਪਿਕ ਖੇਡਾਂ ਦੀ ਮਸ਼ਾਲ ਯੂਨਾਨ ਤੋਂ ਜਪਾਨ ਯਾਨੀ ਏਥਨਜ਼ ਤੋਂ ਟੋਕੀਓ ਪੁੱਜ ਚੁੱਕੀ ਹੈ। 1896 ਤੋਂ 2021 ਤਕ ਸਵਾ ਸੌ ਸਾਲਾਂ ਦੇ ਸਫ਼ਰ ਦੌਰਾਨ 28 ਵਾਰ ਓਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਤੇ ਦੂਜੀ ਆਲਮੀ ਜੰਗ ਕਾਰਨ ਤਿੰਨ ਵਾਰ ਇਹ ਖੇਡਾਂ ਨਹੀਂ ਸੀ ਹੋ ਸਕੀਆਂ। 32ਵੀਆਂ ਓਲੰਪਿਕ ਖੇਡਾਂ ਜੋ 2020 ਵਿਚ 24 ਜੁਲਾਈ ਤੋਂ 9 ਅਗਸਤ ਤਕ ਹੋਣੀਆਂ ਸਨ ਕੋਵਿਡ-19 ਕਰਕੇ ਮੁਲਤਵੀ ਹੋ ਗਈਆਂ ਸਨ। ਉਹ ਹੁਣ 23 ਜੁਲਾਈ 2021 ਤੋਂ 8 ਅਗਸਤ 2021 ਤਕ ਜਪਾਨ ਦੇ ਸ਼ਹਿਰ ਟੋਕੀਓ ਵਿਚ ਹੋ ਰਹੀਆਂ ਹਨ। ਕੋਵਿਡ ਤੋਂ ਸੁਰੱਖਿਆ ਰੱਖਦਿਆਂ ਉਨ੍ਹਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅਗਲੇ ਤਿੰਨ ਕੁ ਹਫ਼ਤੇ ਵਿਸ਼ਵ ਭਰ ਦੇ ਮੀਡੀਆ ਦਾ ਧਿਆਨ ਟੋਕੀਓ ’ਤੇ ਟਿਕਿਆ ਰਹੇਗਾ।
ਟੋਕੀਓ ਓਲੰਪਿਕ ਖੇਡਾਂ 2021
ਮਾਡਰਨ ਓਲੰਪਿਕ ਖੇਡਾਂ 1896 ਵਿਚ ਏਥਨਜ਼ ਤੋਂ ਸ਼ੁਰੂ ਹੋਈਆਂ ਸਨ। 1900 ਵਿਚ ਪੈਰਿਸ, 1904 ਸੇਂਟ ਲੂਈਸ, 1908 ਲੰਡਨ ਤੇ 1912 ਸਟਾਕਹੋਮ ਵਿਚ ਹੋਣ ਪਿੱਛੋਂ 1916 ਵਿਚ ਹੋ ਨਹੀਂ ਸਕੀਆਂ ਕਿਉਂਕਿ ਆਲਮੀ ਜੰਗ ਲੱਗ ਗਈ ਸੀ। 1920 ਵਿਚ ਐਂਟਵਰਪ, 1924 ਪੈਰਿਸ, 1928 ਐਮਸਟਰਡਮ, 1932 ਲਾਸ ਏਂਜਲਸ ਤੇ 1936 ਬਰਲਿਨ ਵਿਚ ਹੋਈਆਂ। 1940 ਤੇ 1944 ਦੀਆਂ ਖੇਡਾਂ ਦੂਜੀ ਆਲਮੀ ਜੰਗ ਦੀ ਭੇਟ ਚੜ੍ਹ ਗਈਆਂ। 1948 ਵਿਚ ਲੰਡਨ, 1952 ਹੈਲਸਿੰਕੀ, 1956 ਮੈਲਬਰਨ, 1960 ਰੋਮ ਤੇ 1964 ਵਿਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ ਵਿਚ ਹੋਈਆਂ। 1968 ਵਿਚ ਮੈਕਸਿਕੋ, 1972 ਮਿਊਨਿਖ, 1976 ਮੌਂਟਰੀਅਲ, 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ, 1992 ਬਾਰਸੀਲੋਨਾ, 1996 ਐਟਲਾਂਟਾ, 2000 ਸਿਡਨੀ, 2004 ਏਥਨਜ਼, 2008 ਪੇਈਚਿੰਗ, 2012 ਵਿਚ ਲੰਡਨ ਤੇ 2016 ਵਿਚ ਰੀਓ ਡੀ ਜਨੇਰੀਓ ਵਿਚ ਓਲੰਪਿਕ ਖੇਡਾਂ ਵਿਚ ਹੋਈਆਂ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਮਹਾਂਦੀਪ ਏਸ਼ੀਆ ਵਿਚ ਓਲੰਪਿਕ ਖੇਡਾਂ ਸਿਰਫ਼ ਤਿੰਨ ਵਾਰ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ ਤੇ ਤੀਜੀ ਵਾਰ ਪੇਈਚਿੰਗ। 2016 ਦੀਆਂ ਓਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਦੇ ਕਿਸੇ ਸ਼ਹਿਰ ਵਿਚ ਹੋਈਆਂ। 2020 ਦੀਆਂ ਖੇਡਾਂ ਦੂਜੀ ਵਾਰ ਟੋਕੀਓ ਵਿਚ ਹੋਣੀਆਂ ਸਨ ਜੋ ਕੋਵਿਡ-19 ਕਰਕੇ 2021 ’ਚ ਪਾ ਦਿੱਤੀਆਂ ਗਈਆਂ। 2024 ਦੀਆਂ ਓਲੰਪਿਕ ਖੇਡਾਂ ਪੈਰਿਸ ਵਿਚ ਹੋਣਗੀਆਂ ਤੇ 2028 ਦੀਆਂ ਲਾਸ ਏਂਜਲਸ। ਭਾਰਤ ਨੇ ਓਲੰਪਿਕ ਖੇਡਾਂ ਕਰਾਉਣ ਦੀ ਕਦੇ ਪੇਸ਼ਕਸ਼ ਹੀ ਨਹੀਂ ਕੀਤੀ ਹਾਲਾਂਕਿ ਆਬਾਦੀ ਪੱਖੋਂ ਇਹ ਵਿਸ਼ਵ ਦਾ ਦੂਜਾ ਵੱਡਾ ਮੁਲਕ ਹੈ ਜਿਸ ਵਿਚ ਦੁਨੀਆ ਦੀ ਛੇਵਾਂ ਹਿੱਸਾ ਆਬਾਦੀ ਵਸਦੀ ਹੈ। ਲੰਡਨ ਐਸਾ ਸ਼ਹਿਰ ਹੈ ਜਿੱਥੇ ਇਹ ਖੇਡਾਂ ਤਿੰਨ ਵਾਰ ਹੋਈਆਂ। ਪੈਰਿਸ ਤੇ ਲਾਸ ਏਂਜਲਸ ਵਿਚ ਦੋ-ਦੋ ਵਾਰ ਓਲੰਪਿਕ ਖੇਡਾਂ ਹੋਈਆਂ।
ਜਾਪਾਨ ਵਿਚ ਟੋਕੀਓ ਦਾ ਸਟੇਡੀਅਮ ਜਿੱਥੇ ਇਸ ਵਾਰ ਓਲੰਪਿਕ ਖੇਡਾਂ ਹੋਣਗੀਆਂ।
23 ਜੁਲਾਈ 2021 ਨੂੰ ਕੁਲ ਦੁਨੀਆ ਦੀਆਂ ਨਜ਼ਰਾਂ ਟੋਕੀਓ ਦੇ ਸ਼ਾਨਦਾਰ ਨੈਸ਼ਨਲ ਸਟੇਡੀਅਮ ’ਤੇ ਟਿਕੀਆਂ ਹੋਣਗੀਆਂ। ਉਸ ਦਿਨ 32ਵੀਆਂ ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਵੇਗਾ ਜਿਸ ਵਿਚ ਦੋ ਸੌ ਤੋਂ ਵੱਧ ਮੁਲਕਾਂ ਦੇ ਗਿਆਰਾਂ ਹਜ਼ਾਰ ਤੋਂ ਵੱਧ ਚੋਟੀ ਦੇ ਖਿਡਾਰੀ ਮਾਰਚ ਪਾਸਟ ਕਰਨਗੇ। ਭਾਰਤੀ ਦਲ ਦੇ ਝੰਡਾਬਰਦਾਰ ਮੈਰੀ ਕੋਮ ਤੇ ਮਨਪ੍ਰੀਤ ਸਿੰਘ ਮਿੱਠਾਪੁਰ ਹੋਣਗੇ। ਦੋ ਅਰਬ ਤੋਂ ਵੱਧ ਲੋਕ ਇਹ ਖੇਡਾਂ ਇੰਟਰਨੈੱਟ ਰਾਹੀਂ ਵੇਖਣਗੇ। ਓਲੰਪਿਕ ਖੇਡਾਂ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ ਜੋ ਚਾਰ ਸਾਲਾਂ ਬਾਅਦ ਲੱਗਦਾ ਹੈ। ਪੰਜਾਂ ਮਹਾਂਦੀਪਾਂ ਦੇ 207 ਦੇਸ਼ਾਂ ਦਾ ਸਾਂਝਾ ਖੇਡ ਮੇਲਾ! ਇਸ ਵਿਚ ਵਿਸ਼ਵ ਭਰ ਦੀ ਜੁਆਨੀ ਦਾ ਜ਼ੋਰ ਭਿੜੇਗਾ। ਨਿਤਾਰੇ ਹੋਣਗੇ ਕਿ ਜ਼ੋਰ ਜੁਗਤ ਦੀਆਂ ਖੇਡਾਂ ’ਚ ਕੌਣ ਸਭ ਤੋਂ ਤਕੜਾ ਹੈ? ਕਿਹੜਾ ਦੇਸ਼ ਕਿੰਨੇ ਮੈਡਲ ਜਿੱਤਦਾ ਤੇ ਕੌਣ ਦੁਨੀਆ ’ਤੇ ਲੱਤ ਫੇਰਦਾ ਹੈ? ਪਹਿਲਾਂ ਤਕੜੇ ਮਾੜੇ ਦਾ ਨਿਰਣਾ ਜੰਗ ਦੇ ਮੈਦਾਨ ’ਚ ਹੁੰਦਾ ਸੀ ਹੁਣ ਓਲੰਪਿਕ ਖੇਡਾਂ ਵਿਚ ਹੁੰਦਾ ਹੈ।
ਉੱਘਾ ਹਾਕੀ ਖਿਡਾਰੀ ਮਰਹੂਮ ਬਲਬੀਰ ਸਿੰਘ ਸੀਨੀਅਰ।
ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਭਰੇ ਮਨ ਨਾਲ ਕਿਹਾ ਹੈ ਕਿ ਕੋਵਿਡ ਕਾਰਨ ਇਨ੍ਹਾਂ ਖੇਡਾਂ ਨੂੰ ਵੇਖਣ ਲਈ ਐਤਕੀਂ ਦਰਸ਼ਕ ਸਟੇਡੀਅਮਾਂ ਵਿਚ ਨਹੀਂ ਜਾ ਸਕਣਗੇ। ਕੇਵਲ ਖਿਡਾਰੀ ਤੇ ਪ੍ਰਬੰਧਕ ਹੀ ਕੋਵਿਡ ਹਦਾਇਤਾਂ ਦਾ ਪਾਲਣ ਕਰਦੇ ਹੋਏ ਖੇਡ ਮੈਦਾਨਾਂ ਵਿਚ ਹਾਜ਼ਰ ਹੋਣਗੇ। ਜੇਤੂ ਖਿਡਾਰੀਆਂ ਨਾਲ ਵਿਸ਼ੇਸ਼ ਵਿਅਕਤੀ ਹੱਥ ਨਹੀਂ ਮਿਲਾਉਣਗੇ ਤੇ ਨਾ ਹੀ ਆਪਣੇ ਹੱਥੀਂ ਮੈਡਲ ਪਹਿਨਾਉਣਗੇ। ਮੈਡਲ ਸੈਰੇਮਨੀ ਵੇਲੇ ਜੇਤੂ ਖਿਡਾਰੀ ਟ੍ਰੇਅ ਵਿਚੋਂ ਖ਼ੁਦ ਮੈਡਲ ਚੁੱਕ ਕੇ ਆਪਣੇ ਗਲ਼ਾਂ ਵਿਚ ਪਾਉਣਗੇ। ਜੇਤੂ ਖਿਡਾਰੀਆਂ ਦੇ ਮੁਲਕਾਂ ਦੇ ਝੰਡੇ ਪਹਿਲਾਂ ਵਾਂਗ ਹੀ ਝੁਲਾਏ ਜਾਣਗੇ ਅਤੇ ਉਨ੍ਹਾਂ ਦੇ ਕੌਮੀ ਗੀਤਾਂ ਦੀਆਂ ਧੁਨਾਂ ਗੂੰਜਣਗੀਆਂ। ਉਹ ਸਾਰਾ ਕੁਝ ਦੁਨੀਆ ਭਰ ਦੇ ਦਰਸ਼ਕ ਟੀਵੀ ਤੇ ਹੋਰ ਸਾਧਨਾਂ ਤੋਂ ਵੇਖ ਸਕਣਗੇ। ਉਦਘਾਟਨੀ ਸਮਾਰੋਹ ਚੜ੍ਹਦੇ ਸੂਰਜ ਦੀ ਧਰਤੀ ਜਪਾਨ ਦੇ ਸਮੇਂ ਅਨੁਸਾਰ ਸ਼ਾਮ 8 ਵਜੇ ਤੋਂ 12 ਵਜੇ ਤਕ ਹੋਵੇਗਾ। ਕੈਨੇਡਾ/ਅਮਰੀਕਾ ਵਿਚ ਉਸ ਸਮੇਂ ਸਵੇਰਾ ਹੋਵੇਗਾ ਅਤੇ ਭਾਰਤ ਸਣੇ ਬਹੁਤ ਸਾਰੇ ਦੇਸ਼ਾਂ ਵਿਚ ਦੁਪਹਿਰਾ।
ਭਾਰਤੀ ਦੌੜਾਕ ਮਰਹੂਮ ਮਿਲਖਾ ਸਿੰਘ।
ਭਾਰਤੀ ਦਲ 228 ਜਣਿਆਂ ਦਾ ਹੋਵੇਗਾ ਜਿਸ ਵਿਚ 67 ਮਰਦ ਤੇ 52 ਔਰਤਾਂ ਸਮੇਤ 119 ਖਿਡਾਰੀ ਹੋਣਗੇ। ਉਹ 18 ਖੇਡਾਂ ਦੇ 69 ਈਵੈਂਟਾਂ ਵਿਚ ਭਾਗ ਲੈਣਗੇ। ਓਲੰਪਿਕ ਖੇਡਾਂ ਵਿਚ ਜਿੱਤਣ ਲਈ ਮੈਡਲਾਂ ਦੇ 339 ਸੈੱਟ ਹੋਣਗੇ ਯਾਨੀ ਹਜ਼ਾਰ ਤੋਂ ਵੱਧ ਮੈਡਲ, ਪਰ ਭਾਰਤੀ ਖਿਡਾਰੀ ਜੇਕਰ ਦਸ ਬਾਰਾਂ ਮੈਡਲ ਵੀ ਜਿੱਤ ਗਏ ਤਾਂ ਵੱਡੀ ਪ੍ਰਾਪਤੀ ਮੰਨੀ ਜਾਵੇਗੀ। ਉਂਜ ਭਾਰਤੀ ਖੇਡ ਅਧਿਕਾਰੀਆਂ ਦੇ ਅਨੁਮਾਨ ਅਨੁਸਾਰ ਐਤਕੀਂ ਭਾਰਤ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਹੈ ਤੇ ਉਹ 10 ਸੋਨੇ, 5 ਚਾਂਦੀ ਤੇ 5 ਕਾਂਸੀ ਦੇ ਤਗ਼ਮੇ ਜਿੱਤ ਸਕਦੇ ਹਨ। ਜੇ ਅਜਿਹਾ ਹੋ ਜਾਵੇ ਤਾਂ ਕਿਆ ਬਾਤਾਂ!
ਕੁਝ ਨਿਸ਼ਾਨੇਬਾਜ਼ਾਂ ਸਣੇ ਤੀਰਅੰਦਾਜ਼ ਦੀਪਿਕਾ ਕੁਮਾਰੀ, ਮੁੱਕੇਬਾਜ਼ ਮੈਰੀ ਕੋਮ ਤੇ ਅਮਿਤ ਪੰਘਾਲ, ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ, ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ, ਨੇਜ਼ਾਬਾਜ਼ (ਜੈਵਲਿਨ ਥਰੋਅਰ) ਨੀਰਜ ਚੋਪੜਾ ਤੇ ਸ਼ਿਵਪਾਲ, ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਮਨਪ੍ਰੀਤ ਦੀ ਹਾਕੀ ਟੀਮ ਤੇ ਭਾਰ ਤੋਲਕ (ਵੇਟ ਲਿਫਟਰ) ਮੀਰਾਬਾਈ ਚਾਨੂੰ ਤੋਂ ਸੋਨ ਤਗ਼ਮਿਆਂ ਦੀ ਆਸ ਰੱਖੀ ਜਾ ਰਹੀ ਹੈ। ਮਨੀਪੁਰ ਦੀ ਮੀਰਾ ਬਾਈ 49 ਕਿਲੋਗਰਾਮ ਵਜ਼ਨ ਵਿਚ ਵਿਸ਼ਵ ਜੇਤੂ ਹੈ ਜਿਸ ਨੇ 86 ਕਿਲੋਗਰਾਮ ਦੀ ਸਨੈਚ ਤੇ 119 ਕਿਲੋ ਦੀ ਜਰਕ ਲਾ ਕੇ 205 ਕਿਲੋਗਰਾਮ ਦਾ ਰਿਕਾਰਡ ਰੱਖਿਆ ਹੈ। ਉਸ ਨੇ ਆਪਣੇ ਵਜ਼ਨ ਤੋਂ ਢਾਈ ਗੁਣਾ ਵੱਧ ਵਜ਼ਨ ਬਾਹਾਂ ਉੱਤੇ ਤੋਲ ਦਿੱਤਾ ਹੈ। ਉਸ ਦੇ ਸੋਨ ਤਗ਼ਮਾ ਜਿੱਤਣ ਦੀ ਪੂਰੀ ਆਸ ਹੈ।
ਨਿਸ਼ਾਨੇਬਾਜ਼ ਅਭਿਨਵ ਬਿੰਦਰਾ।
ਭਾਰਤ ਦੇ ਖਿਡਾਰੀ ਦਲ ਵਿਚ ਸਭ ਤੋਂ ਵੱਧ ਗਿਣਤੀ ਹਾਕੀ ਦੇ ਖਿਡਾਰੀਆਂ/ਖਿਡਾਰਨਾਂ ਦੀ ਹੈ ਜੋ 36 ਹਨ। 25 ਅਥਲੀਟ, 15 ਨਿਸ਼ਾਨੇਬਾਜ਼, 9 ਮੁੱਕੇਬਾਜ਼ ਤੇ 7 ਪਹਿਲਵਾਨ ਹਨ। ਮੈਰਾਜ ਅਹਿਮਦ ਖਾਨ 45 ਸਾਲਾਂ ਦਾ ਹੈ ਤੇ ਦਿਵਿਆਸ਼ ਸਿੰਘ ਪੰਵਾਰ 18 ਸਾਲਾਂ ਦਾ। ਭਾਰਤੀ ਖਿਡਾਰੀਆਂ ਦੀ ਔਸਤ ਉਮਰ 27 ਸਾਲ ਹੈ। ਕਦੇ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਸਰਦਾਰੀ ਸੀ। ਭਾਰਤ ਨੇ ਹੁਣ ਤਕ ਜਿੱਤੇ ਕੁਲ 28 ਮੈਡਲਾਂ ਵਿਚੋਂ 11 ਮੈਡਲ ਇਕੱਲੀ ਹਾਕੀ ਦੀ ਖੇਡ ਰਾਹੀਂ ਜਿੱਤੇ ਸਨ, ਪਰ 1980 ਤੋਂ ਬਾਅਦ ਭਾਰਤੀ ਹਾਕੀ ਟੀਮ ਕਦੇ ਵੀ ਜਿੱਤ ਮੰਚ ’ਤੇ ਨਹੀਂ ਚੜ੍ਹ ਸਕੀ। ਇੱਥੋਂ ਤਕ ਕਿ ਪੇਈਚਿੰਗ ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ। ਉਦੋਂ ਕੈਨੇਡਾ ਦੀ ਹਾਕੀ ਟੀਮ ਕੁਆਲੀਫਾਈ ਕਰ ਗਈ ਸੀ ਜਿਸ ਵਿਚ ਚਾਰ ਖਿਡਾਰੀ ਪੰਜਾਬੀ ਮੂਲ ਦੇ ਸਨ। ਇਸ ਵੇਲੇ 10 ਪੰਜਾਬੀ ਖਿਡਾਰੀਆਂ ਨਾਲ ਲੈਸ ਭਾਰਤੀ ਹਾਕੀ ਟੀਮ ਵਿਸ਼ਵ ਦੀਆਂ ਚਾਰ ਚੋਟੀ ਦੀਆਂ ਟੀਮਾਂ ਵਿਚ ਗਿਣੀ ਜਾਂਦੀ ਹੈ। ਆਸ ਰੱਖੀ ਜਾ ਰਹੀ ਹੈ ਕਿ ਵਿਕਟਰੀ ਸਟੈਂਡ ’ਤੇ ਚੜ੍ਹੇਗੀ। ਔਰਤਾਂ ਦੀ ਭਾਰਤੀ ਹਾਕੀ ਟੀਮ 1980 ਤੋਂ 36 ਸਾਲਾਂ ਬਾਅਦ ਰੀਓ-2016 ਦੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਸਕੀ ਸੀ, ਪਰ ਜਿੱਤ-ਮੰਚ ’ਤੇ ਨਹੀਂ ਚੜ੍ਹ ਸਕੀ। ਐਤਕੀਂ ਉਹਦੇ ਤੋਂ ਵੀ ਆਸ ਉਮੀਦ ਹੈ।
ਇਸ ਵਾਰ ਮਰਦਾਂ ਦੀ ਭਾਰਤੀ ਹਾਕੀ ਟੀਮ ਵਿਚ ਪੰਜਾਬੀ ਖਿਡਾਰੀ ਅੱਧੋਂ ਵੱਧ ਹਨ। ਔਰਤਾਂ ਦੀ ਹਾਕੀ ਟੀਮ ਵਿਚ ਹਰਿਆਣੇ ਦੀਆਂ ਖਿਡਾਰਨਾਂ ਅੱਧੋਂ ਵੱਧ ਹਨ। ਭਾਰਤ ਦੇ ਕੁਲ ਖਿਡਾਰੀਆਂ ਵਿਚ ਸਭ ਤੋਂ ਵੱਧ ਖਿਡਾਰੀ ਹਰਿਆਣੇ ਦੇ ਹਨ ਜੋ 1966 ਤੋਂ ਪਹਿਲਾਂ ਪੰਜਾਬ ਦੇ ਗਿਣੇ ਜਾਂਦੇ ਸਨ। ਖੇਡਾਂ ਵਿਚ ਪਹਿਲਾਂ ਪੰਜਾਬ ਚੋਟੀ ’ਤੇ ਹੁੰਦਾ ਸੀ ਹੁਣ ਹਰਿਆਣਾ ਚੋਟੀ ’ਤੇ ਹੈ। ਅਸਲ ਵਿਚ ਹਰਿਆਣਾ ਸਰਕਾਰ ਖੇਡ ਖਿਡਾਰੀਆਂ ਵੱਲ ਵਧੇਰੇ ਧਿਆਨ ਦਿੰਦੀ ਹੈ ਜਦੋਂਕਿ ਪੰਜਾਬ ਸਰਕਾਰ ਅਵੇਸਲੀ ਹੈ। ਹਰਿਆਣੇ ਨੇ ਆਪਣੇ ਓਲੰਪੀਅਨ ਖਿਡਾਰੀਆਂ ਨੂੰ ਤਿਆਰੀ ਲਈ ਪੰਦਰਾਂ ਪੰਦਰਾਂ ਲੱਖ ਰੁਪਏ ਦਿੱਤੇ ਜਦੋਂਕਿ ਪੰਜਾਬ ਨੇ ਪੰਜ ਪੰਜ ਲੱਖ ਦਿੱਤੇ। ਹਰਿਆਣਾ ਆਪਣੇ ਓਲੰਪਿਕ ਜੇਤੂ ਖਿਡਾਰੀਆਂ ਨੂੰ ਸੋਨ ਤਗ਼ਮੇ ਲਈ ਛੇ ਕਰੋੜ, ਚਾਂਦੀ ਦੇ ਤਗ਼ਮੇ ਲਈ ਚਾਰ ਕਰੋੜ ਤੇ ਕਾਂਸੀ ਦੇ ਤਗ਼ਮੇ ਲਈ ਤਿੰਨ ਕਰੋੜ ਦੇ ਇਨਾਮ ਦੇਵੇਗਾ। ਪੰਜਾਬ ਆਪਣੇ ਜੇਤੂਆਂ ਨੂੰ ਸੋਨ ਤਗ਼ਮੇ ਲਈ ਸਵਾ ਦੋ ਕਰੋੜ, ਚਾਂਦੀ ਦੇ ਤਗ਼ਮੇ ਲਈ ਡੇਢ ਕਰੋੜ ਤੇ ਕਾਂਸੀ ਦੇ ਤਗ਼ਮੇ ਲਈ ਇਕ ਕਰੋੜ ਹੀ ਦੇਵੇਗਾ। ਹਰਿਆਣੇ ਵਿਚ ਖਿਡਾਰੀਆਂ ਨੂੰ ਚੰਗੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਜਦੋਂਕਿ ਪੰਜਾਬ ਵਿਚ ਖਿਡਾਰੀਆਂ ਲਈ ਨੌਕਰੀਆਂ ਨਾਂਮਾਤਰ ਹਨ। ਸਾਡੇ ਆਪਣੇ ਪਿੰਡ ਚਕਰ ਦੇ ਇਕ ਗ਼ਰੀਬ ਕਿਸਾਨ ਦੀ 26 ਸਾਲਾ ਮੁੱਕੇਬਾਜ਼ ਲੜਕੀ ਸਿਮਰਨਜੀਤ ਕੌਰ ਬਾਠ ਟੋਕੀਓ ਓਲੰਪਿਕਸ ਵਿਚ ਭਾਗ ਲੈ ਰਹੀ ਹੈ, ਪਰ ਅਜੇ ਤਕ ਕੋਈ ਨੌਕਰੀ ਨਹੀਂ ਮਿਲੀ। ਹਰਿਆਣੇ ’ਚ ਜੰਮਦੀ ਤਾਂ ਸ਼ਾਇਦ ਹੁਣ ਨੂੰ ਡੀਐੱਸਪੀ ਲੱਗੀ ਹੁੰਦੀ!
ਭਾਰਤੀ ਦਲ ਵਿਚ ਪੰਜਾਬ ਦੇ 16 ਖਿਡਾਰੀ ਹਨ। ਉਨ੍ਹਾਂ ਸੋਲਾਂ ਵਿਚੋਂ ਪੰਜਾਬ ਵਿਚ ਇਕੋ ਹੀ ਨੌਕਰੀ ਕਰਦਾ ਹੈ ਜਦੋਂਕਿ ਬਾਕੀ ਖਿਡਾਰੀ ਪੰਜਾਬੋਂ ਬਾਹਰ ਨੌਕਰੀਆਂ ਕਰਨ ਲਈ ਮਜਬੂਰ ਹਨ ਜਾਂ ਅਜੇ ਵੀ ਬੇਰੁਜ਼ਗਾਰ ਹਨ। ਹਾਕੀ ਦਾ ਕੈਪਟਨ ਮਨਪ੍ਰੀਤ ਸਿੰਘ ਹੀ ਪੰਜਾਬ ਪੁਲੀਸ ਵਿਚ ਡੀਐੱਸਪੀ ਹੈ। ਹਰਮਨਪ੍ਰੀਤ ਸਿੰਘ ਤੇ ਵਰੁਣ ਕੁਮਾਰ ਭਾਰਤ ਪੈਟਰੋਲੀਅਮ ਵਿਚ, ਸਿਮਰਨਜੀਤ ਸਿੰਘ, ਦਿਲਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ ਪਾਠਕ ਤੇ ਹਾਰਦਿਕ ਸਿੰਘ ਇੰਡੀਅਨ ਆਇਲ ਦਿੱਲੀ ਵਿਚ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਓਐੱਨਜੀਸੀ ਦੇਹਰਾਦੂਨ, ਰੁਪਿੰਦਰਪਾਲ ਸਿੰਘ ਇੰਡੀਅਨ ਓਵਰਸੀਜ਼ ਬੈਂਕ ਚੇੱਨਈ, ਸ਼ਮਸ਼ੇਰ ਸਿੰਘ ਪੰਜਾਬ ਨੈਸ਼ਨਲ ਬੈਂਕ ਦਿੱਲੀ, ਗੁਰਜੀਤ ਕੌਰ ਰੇਲਵੇ, ਤੇਜਿੰਦਰਪਾਲ ਸਿੰਘ ਤੂਰ ਨੇਵੀ, ਕਮਲਪ੍ਰੀਤ ਕੌਰ ਰੇਲਵੇ ਤੇ ਗੁਰਪ੍ਰੀਤ ਸਿੰਘ ਫ਼ੌਜ ਵਿਚ ਨੌਕਰੀ ਕਰਦੇ ਹਨ। ਸਿਮਰ ਚਕਰ ਨੂੰ ਅਜੇ ਤਕ ਕਿਤੇ ਵੀ ਨੌਕਰੀ ਨਹੀਂ ਮਿਲੀ ਜਦੋਂਕਿ ਓਲੰਪਿਕ ਲਈ ਕੁਆਲੀਫਾਈ ਕਰਨਾ ਖੇਡ ਖੇਤਰ ਵਿਚ ਬੜੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ।
ਹਾਕੀ ਦੇ ਮੈਚ 24 ਜੁਲਾਈ ਤੋਂ ਸ਼ੁਰੂ ਹੋ ਜਾਣਗੇ ਜੋ 6 ਅਗਸਤ ਤਕ ਚੱਲਣਗੇ। ਭਾਰਤ ਦਾ ਪਹਿਲਾ ਮੈਚ 24 ਜੁਲਾਈ ਨੂੰ ਨੀਦਰਲੈਂਡ, ਦੂਜਾ 25 ਨੂੰ ਆਸਟਰੇਲੀਆ, ਤੀਜਾ 27 ਨੂੰ ਸਪੇਨ, ਚੌਥਾ 29 ਨੂੰ ਅਰਜਨਟੀਨਾ ਤੇ ਪੰਜਵਾਂ 30 ਜੁਲਾਈ ਨੂੰ ਜਪਾਨ ਵਿਰੁੱਧ ਖੇਡਿਆ ਜਾਵੇਗਾ। ਫਿਰ ਕੁਆਰਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਮੈਚ ਹੋਣਗੇ। ਐਤਕੀਂ ਪਾਕਿਸਤਾਨ ਦੀ ਹਾਕੀ ਟੀਮ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ। ਹਾਕੀ ਦੇ ‘ਗੋਲ ਕਿੰਗ’ ਕਹੇ ਜਾਂਦੇ ਪਾਕਿਸਤਾਨ ਦੇ ਵੈਟਰਨ ਖਿਡਾਰੀ ਹਸਨ ਸਰਦਾਰ ਨੇ ਕਿਹਾ ਹੈ ਕਿ ਮੈਂ ਭਾਰਤੀ ਹਾਕੀ ਟੀਮ ਨੂੰ ਬੈਕਅੱਪ ਕਰਾਂਗਾ। ਭਾਰਤੀ ਹਾਕੀ ਦੀ ਜਿੱਤ ਮੈਨੂੰ ਆਪਣੀ ਜਿੱਤ ਮਹਿਸੂਸ ਹੋਵੇਗੀ। ਕਦੇ ਅਸੀਂ ਇਕ ਸਾਂ ਤੇ ਹੁਣ ਗੁਆਂਢੀ ਹਾਂ। ਖਿਡਾਰੀਆਂ ਦੀਆਂ ਅਜਿਹੀਆਂ ਭਾਵਨਾਵਾਂ ਦੀ ਕਦਰ ਕਰਨੀ ਬਣਦੀ ਹੈ ਜਿਸ ਨਾਲ ਗੁਆਂਢੀ ਮੁਲਕਾਂ ਦੇ ਸੰਬੰਧ ਸੁਖਾਵੇਂ ਹੋਣ। ਟੋਕੀਓ ਓਲੰਪਿਕਸ ਦਾ ਉਦੇਸ਼ ਹੈ ‘ਯੂਨਿਟੀ ਇਨ ਇਮੋਸ਼ਨ’।
1981 ਵਿਚ ਮੈਂ ‘ਪੰਜਾਬੀ ਟ੍ਰਿਬਿਊਨ’ ਵੱਲੋਂ ਬੰਬਈ ਦਾ ਵਰਲਡ ਹਾਕੀ ਕੱਪ ਕਵਰ ਕਰਨ ਗਿਆ ਤਾਂ ਭਾਰਤੀ ਟੀਮ ਕੁਆਰਟਰ ਫਾਈਨਲ ਵਿਚ ਹਾਰ ਗਈ। ਲਾਹੌਰੀਏ ਭਾਊ ਜਿਹੜੇ ਰੋਜ਼ ਹੱਸ ਹੱਸ ਮਿਲਦੇ ਸਨ, ਉੱਦਣ ਉਹ ਵੀ ਉਦਾਸ ਦਿਸੇ। ਅਸੀਂ ਤਾਂ ਖ਼ੈਰ ਉਦਾਸ ਹੋਣਾ ਹੀ ਸੀ। ਮੈਂ ਲਾਹੌਰੀਆਂ ਤੋਂ ਪੁੱਛਿਆ, ‘‘ਭਾਊ, ਹਾਰੇ ਅਸੀਂ, ਤੁਸੀਂ ਕਿਉਂ ਉਦਾਸ ਓਂ?’’ ਉਨ੍ਹਾਂ ਜਵਾਬ ਦਿੱਤਾ, ‘‘ਭਾਅ ਧਾਡੀ ਟੀਮ ਤਕੜੀ ਸੀ ਪਰ ਕਿਸਮਤ ਦਗਾ ਦੇ ਗਈ। ਅਹੀਂ ਤਾਂ ਲਅ੍ਹੌਰੋਂ ਆਏ ਈ ਇੰਡੀਆ ਤੇ ਪਾਕਿਸਤਾਨ ਦਾ ਫਾਈਨਲ ਮੈਚ ਵੇਖਣ ਸਾਂ। ਹੁਣ ’ਤੇ ਫਾਈਨਲ ਦਾ ਕੋਈ ਸੁਆਦ ਈ ਨੲ੍ਹੀਂ ਆਉਣਾ।’’
ਮੈਂ ਮਨ ’ਚ ਕਿਹਾ, ‘‘ਸ਼ਰੀਕ ਦਾ ਰਿਸ਼ਤਾ ਵੀ ਕਿਆ ਰਿਸ਼ਤਾ ਐ! ਮੋਹ ਵੀ ਪੁੱਜ ਕੇ ਤੇ ਵੈਰ ਵੀ ਪੁੱਜ ਕੇ!’’
ਭਾਰਤ ਦੇ ਆਜ਼ਾਦ ਹੋਣ ਪਿੱਛੋਂ ਜਿੰਨੀਆਂ ਵੀ ਓਲੰਪਿਕ ਖੇਡਾਂ ਹੋਈਆਂ ਮੇਰੀ ਸੁਰਤ ’ਚ ਹੋਈਆਂ। 1948 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਸਮੇਂ ਮੈਂ ਅੱਠ ਸਾਲ ਦਾ ਸਾਂ। ਭਾਰਤ ਵੱਲੋਂ ਹਰ ਵਾਰ ਹੀ ਚੋਖੇ ਮੈਡਲ ਜਿੱਤਣ ਦੀ ਆਸ ਰੱਖੀ ਜਾਂਦੀ ਰਹੀ, ਪਰ ਖੀਸੇ ਖਾਲੀ ਹੀ ਰਹੇ। ਕਈ ਵਾਰ ਤਾਂ ਇਕ ਮੈਡਲ ਵੀ ਨਾ ਜਿੱਤ ਹੋਇਆ। 2016 ਵਿਚ ਰੀਓ ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦੇ 117 ਖਿਡਾਰੀ ਗਏ ਸਨ। ਆਸ ਸੀ ਦਰਜਨ ਕੁ ਮੈਡਲ ਤਾਂ ਜਿੱਤਣਗੇ ਹੀ, ਪਰ ਦੇਸ਼ ਦੀ ਸਵਾ ਸੌ ਕਰੋੜ ਆਬਾਦੀ ਹੁੰਦਿਆਂ ਰੀਓ ਓਲੰਪਿਕਸ ’ਚ ਮੈਡਲ ਸਿਰਫ਼ ਦੋ ਮਿਲੇ ਸਨ। ਇਕ ਚਾਂਦੀ ਤੇ ਇਕ ਕਾਂਸੀ ਦਾ।
ਭਾਰਤੀ ਦਲ ਦੀ ਝੰਡਾਬਰਦਾਰ ਮੈਰੀ ਕੋਮ। ਭਾਰਤੀ ਦਲ ਦਾ ਝੰਡਾਬਰਦਾਰ ਮਨਪ੍ਰੀਤ ਸਿੰਘ। ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ। ਮੁੱਕੇਬਾਜ਼ ਵਿਨੇਸ਼ ਫੋਗਾਟ। ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ। ਮੁੱਕੇਬਾਜ਼ ਬਜਰੰਗ ਪੂਨੀਆ।
ਰੀਓ-2016 ਵਿਚ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਕਾਂਸੀ, ਬਰਤਾਨੀਆ 27, 13, 17; ਚੀਨ 26, 18, 26; ਰੂਸ 19, 18, 19; ਜਰਮਨੀ 17, 19, 15; ਜਪਾਨ 12, 8, 21; ਫਰਾਂਸ 10, 18, 14; ਦੱਖਣੀ ਕੋਰੀਆ 9, 3, 9; ਇਟਲੀ 8, 12, 8 ਤੇ ਆਸਟਰੇਲੀਆ ਨੇ 8, 11, 8, ਤਗਮੇ ਜਿੱਤੇ ਸਨ। 59 ਦੇਸ਼ ਐਸੇ ਸਨ ਜਿਨ੍ਹਾਂ ਨੇ 1 ਜਾਂ ਵੱਧ ਗੋਲਡ ਮੈਡਲ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਦੇ ਖਿਡਾਰੀਆਂ ਨੇ ਕਾਂਸੀ ਦੇ ਮੈਡਲ ਜਿੱਤੇ ਸਨ। ਇਉਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ ’ਤੇ ਚੜ੍ਹੇ। ਦੁਨੀਆ ਦੇ 206 ਮੁਲਕਾਂ ਤੇ 1 ਰੀਫਿਊਜੀ ਦਲ ’ਚੋਂ 120 ਦੇਸ਼ ਖਾਲੀ ਹੱਥ ਰਹੇ। ਉੱਥੇ 48 ਫ਼ੀਸਦੀ ਤਗ਼ਮੇ ਯੂਰਪ, 22 ਫ਼ੀਸਦੀ ਅਮਰੀਕਾ, 21 ਫ਼ੀਸਦੀ ਏਸ਼ੀਆ, 5 ਫ਼ੀਸਦੀ ਅਫਰੀਕਾ ਤੇ 5 ਫ਼ੀਸਦੀ ਓਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਜਿੱਤੇ ਸਨ।
ਅਮਰੀਕਾ ਦੇ ਇਕੋ ਤੈਰਾਕ ਮਾਈਕਲ ਫੈਲਪਸ ਨੇ 28 ਮੈਡਲ ਜਿੱਤੇ ਹਨ ਜਦੋਂਕਿ ਭਾਰਤ ਦੇ ਸਾਰੇ ਖਿਡਾਰੀ ਸਾਰੀਆਂ ਓਲੰਪਿਕ ਖੇਡਾਂ ’ਚੋਂ ਹੁਣ ਤਕ ਮਸੀਂ 28 ਮੈਡਲ ਜਿੱਤ ਸਕੇ ਹਨ। ਜੇ ਅਮਰੀਕਾ ਦੇ ਜਿੱਤੇ ਕੁਲ ਮੈਡਲਾਂ ਦੀ ਗਿਣਤੀ ਕਰਨੀ ਹੋਵੇ ਤਾਂ 2520 ਹੋ ਚੁੱਕੀ ਹੈ। ਸੁਆਲ ਹੈ ਜੇ ਮਾਈਕਲ ਫੈਲਪਸ ਭਾਰਤ ਵਿਚ ਜੰਮਿਆ ਹੁੰਦਾ ਤਾਂ ਕੀ ਹੁੰਦਾ? ਜਵਾਬ ਹੈ ਜਾਂ ਭਾਰਤ ਦੇ 28+28=56 ਮੈਡਲ ਹੋ ਜਾਂਦੇ ਜਾਂ ਭਾਰਤੀ ਪ੍ਰਬੰਧ ਉਹਨੂੰ ਵੀ ਲੈ ਬਹਿੰਦੇ! ਜਿਹੜੇ ਭਾਰਤੀ ਅਧਿਕਾਰੀ ਮੈਰਾਥਨ ਲਾ ਰਹੀ ਤਿਹਾਈ ਭਾਰਤੀ ਕੁੜੀ ਨੂੰ ਮੌਕੇ ’ਤੇ ਪਾਣੀ ਵੀ ਨਹੀਂ ਪੁਚਾ ਸਕੇ, ਉਨ੍ਹਾਂ ਨੇ ਮਾਈਕਲ ਫੈਲਪਸ ਨਾਲ ਕਿਹੜਾ ਘੱਟ ਕਰਨੀ ਸੀ?
ਏਸ਼ੀਆ ਦੇ ਦੇਸ਼ ਚੀਨ ਤੇ ਕੋਰੀਆ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਭਾਰਤ ਤੋਂ ਪਿੱਛੇ ਸਨ, ਪਰ ਹੁਣ ਕਿਤੇ ਅੱਗੇ ਹਨ। ਜਪਾਨ ਬਰਾਬਰੀ ’ਤੇ ਸੀ ਜੋ ਕਿਤੇ ਅੱਗੇ ਨਿਕਲ ਗਿਆ ਹੈ। ਇਹ ਭਾਰਤ ਹੀ ਹੈ ਜੋ ਅੱਗੇ ਵਧਦਾ ਪਿੱਛੇ ਮੁੜਿਆ। ਭਾਰਤ ਨੇ ਪੇਈਚਿੰਗ-2008 ’ਚੋਂ ਤਿੰਨ ਮੈਡਲ ਜਿੱਤੇ ਸਨ, ਲੰਡਨ-2012 ’ਚੋਂ ਛੇ, ਪਰ ਰੀਓ-2016 ’ਚੋਂ ਸਿਰਫ਼ 2 ਹੀ ਜਿੱਤ ਸਕਿਆ। ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਓਲੰਪਿਕ ਖੇਡਾਂ ’ਚੋਂ ਹੁਣ ਤਕ 9 ਸੋਨ, 7 ਚਾਂਦੀ ਤੇ 12 ਕਾਂਸੀ ਦੇ ਤਗ਼ਮੇ ਜਿੱਤੇ ਹਨ। ਸੋਨ ਤਗ਼ਮਿਆਂ ਵਿਚ 8 ਹਾਕੀ ਦੇ ਹਨ ਤੇ 1 ਨਿਸ਼ਾਨੇਬਾਜ਼ੀ ਦਾ। ਚਾਂਦੀ ਤੇ ਕਾਂਸੀ ਦੇ ਤਗ਼ਮੇ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟ ਲਿਫਟਿੰਗ ਤੇ ਬੈਡਮਿੰਟਨ ਦੇ ਹਨ। ਫਿਰ ਵੀ ਭਾਰਤ ਪਰਬਤ ਜੇਡੀਆਂ ਆਸਾਂ ਲਾਈ ਬੈਠਾ ਹੈ।
ਓਲੰਪਿਕ ਖੇਡਾਂ ਦੇ ਆਪਸ ਵਿਚ ਪਿਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਪੇਈਚਿੰਗ ਦੀਆਂ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ ਤੇ ਲੰਡਨ ਵਿਚ 30 ਟੁੱਟੇ। ਰੀਓ ਵਿਚ 65 ਓਲੰਪਿਕ ਤੇ 19 ਵਰਲਡ ਰਿਕਾਰਡ ਟੁੱਟੇ। ਮਿਲਖਾ ਸਿੰਘ ਨੇ ਰੋਮ ’ਚ 400 ਮੀਟਰ ਦੀ ਦੌੜ 45.6 ਸੈਕੰਡ ਵਿਚ ਲਾਈ ਸੀ। ਰੀਓ ’ਚ ਦੱਖਣੀ ਅਫਰੀਕਾ ਦਾ ਦੌੜਾਕ ਵਾਨ ਇਹ ਦੌੜ 43.03 ਸੈਕੰਡ ਵਿਚ ਲਾ ਕੇ 43 ਸੈਕੰਡ ਦੀ ਹੱਦ ਤੋੜਨ ਦੇ ਨੇੜੇ ਪਹੁੰਚ ਗਿਆ ਹੈ! ਚੀਨ ਦਾ ਲੌਂਗ ਕਿੰਗ 56 ਕਿਲੋ ਵਜ਼ਨ ਵਿਚ 307 ਕਿਲੋਗਰਾਮ ਭਾਰ ਚੁੱਕਣ ਦਾ ਵਿਸ਼ਵ ਰਿਕਾਰਡ ਰੱਖ ਗਿਆ ਹੈ! ਮਨੁੱਖ ਦਿਨੋ ਦਿਨ ਹੋਰ ਤਕੜਾ ਤੇ ਜੁਗਤੀ ਹੋ ਰਿਹਾ ਹੈ ਜਿਸ ਕਰਕੇ ਕੋਈ ਵੀ ਰਿਕਾਰਡ ਸਦੀਵੀ ਨਹੀਂ। ਹਰੇਕ ਓਲੰਪਿਕ ਵਿਚ ਨਵੇਂ ਤੋਂ ਨਵੇਂ ਰਿਕਾਰਡ ਹੁੰਦੇ ਹਨ। ਓਲੰਪਿਕ ਖੇਡਾਂ ਦਾ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ! ਵੇਖਾਂਗੇ ਕੋਵਿਡ ਦੇ ਕਹਿਰ ਵਿਚ ਹੋ ਰਹੀਆਂ ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚ ਕਿੰਨੇ ਰਿਕਾਰਡ ਟੁੱਟਣਗੇ ਤੇ ਭਾਰਤ ਐਤਕੀਂ ਕਿੰਨੇ ਮੈਡਲ ਜਿੱਤੇਗਾ? ਉਨ੍ਹਾਂ ਵਿਚ ਕਿੰਨੇ ਪੰਜਾਬੀ ਹੋਣਗੇ ਤੇ ਕਿੰਨੇ ਹਰਿਆਣਵੀ? ਤੇ ਉਸ ਪਿੱਛੋਂ ਪੰਜਾਬ ਸਰਕਾਰ ਪੰਜਾਬ ਦੀ ਜੁਆਨੀ ਦਾ ਕੀ ਕਰੇਗੀ?
ਸੰਪਰਕ: +1-905-799-1661

Related Keywords

Australia , United States , Paris , France General , France , United Kingdom , Shamsher , North West Frontier , Pakistan , China , Beijing , Russia , Manipur , Uttar Pradesh , India , Netherlands , Rome , Lazio , Italy , South Korea , Spain , Greece , Moscow , Moskva , Tokyo , Japan , Munich , Bayern , Germany , Argentina , South Africa , Melbourne , Victoria , Delhi , Canada , London , City Of , Barcelona , Comunidad Autonoma De Cataluna , Seoul , Soult Ukpyolsi , Sydney , New South Wales , Haryana , America , Korea , British , Simmerjit Singh , Milkha Singh , Ahmed Khan , Abhinav Bindra , Mandeep Singh Dehradun , Neeraj Chopra , Kia Batam , Manpreet Singh , Krishna Kumar , Harmanpreet Singh , Singh Indian Isle , Singh Pawar , Mary Kom , Singh Indian Overseas Bank , Shamsher Singh Punjab National Bank Delhi , Olympics , Gurjitk Railway , Olympics Committee , Kamalpreetk Railway , National Stadium , Mr Tejinderpal Singh Tours Navy , Tokyo Olympics , Singh Summer Olympic Games , Greece Japan , Summer Olympic Games , July August , Japan City Tokyo , Tokyo Summer Olympic Games , Modern Summer Olympic Games , Las Angles , Asia City Tokyo , South America , Summer Olympic Games Paris , Balbir Singh Senior , Games Internet , Earth Japan , Twenty India , Deepika Miss , Indian Hockey , Out Medal , Beijing Summer Olympic Games , Haryana Government , Punjab Government , Out Punjab , Captain Manpreet Singh , Kumar India , Singh Indian Isle Delhi , Gurjant Singh , July Start , Twenty Pakistan , Hockey King , Pakistan Veteran , World Hockey , India Independent , London Summer Olympic Games , Rio Summer Olympic Games , Gold Medal , British India , Independent India , Beijing Games , Long King , New , India Twenty , ஆஸ்திரேலியா , ஒன்றுபட்டது மாநிலங்களில் , பாரிஸ் , பிரான்ஸ் , ஒன்றுபட்டது கிஂக்டம் , ஷாம்ஷெர் , வடக்கு மேற்கு எல்லை , பாக்கிஸ்தான் , சீனா , பெய்ஜிங் , ரஷ்யா , மணிப்பூர் , உத்தர் பிரதேஷ் , இந்தியா , நெதர்லாந்து , ரோம் , லேஸியோ , இத்தாலி , தெற்கு கொரியா , ஸ்பெயின் , கிரீஸ் , மாஸ்கோ , மோசிக்குவா , டோக்கியோ , ஜப்பான் , முனிச் , பேயர்ன் , ஜெர்மனி , அர்ஜெண்டினா , மெல்போர்ன் , விக்டோரியா , டெல்ஹி , கனடா , லண்டன் , நகரம் ஆஃப் , பார்சிலோனா , காமுனிடட தன்னாட்சி டி கடலுள் , சியோல் , சிட்னி , புதியது தெற்கு வேல்ஸ் , ஹரியானா , அமெரிக்கா , கொரியா , பிரிட்டிஷ் , மில்கா சிங் , நீரஜ் சோப்ரா , மன்பிரீத் சிங் , கிருஷ்ணா குமார் , ஹர்மன்பிரீத் சிங் , சிங் பவார் , மேரி கோம் , ஒலிம்பிக்ஸ் , ஒலிம்பிக்ஸ் குழு , தேசிய அரங்கம் , டோக்கியோ ஒலிம்பிக்ஸ் , கிரீஸ் ஜப்பான் , கோடை ஒலிம்பிக் விளையாட்டுகள் , ஜூலை ஆகஸ்ட் , டோக்கியோ கோடை ஒலிம்பிக் விளையாட்டுகள் , தெற்கு அமெரிக்கா , பல்பீர் சிங் மூத்தவர் , பூமி ஜப்பான் , இந்தியன் ஹாக்கி , பெய்ஜிங் கோடை ஒலிம்பிக் விளையாட்டுகள் , ஹரியானா அரசு , பஞ்சாப் அரசு , கேப்டன் மன்பிரீத் சிங் , குர்ஜந்த் சிங் , ஜூலை தொடங்கு , உலகம் ஹாக்கி , லண்டன் கோடை ஒலிம்பிக் விளையாட்டுகள் , தங்கம் பதக்கம் , பிரிட்டிஷ் இந்தியா , சுயாதீனமான இந்தியா , பெய்ஜிங் விளையாட்டுகள் , நீண்டது கிங் , புதியது , இந்தியா இருபது ,

© 2024 Vimarsana